ਲਾਸ ਏਂਜਲਸ, 28 ਅਕਤੂਬਰ (ਪੀ. ਟੀ.)- 1984 ਸਿੱਖ ਦੰਗਾ ਮਾਮਲੇ ’ਚ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੂੰ ਕਥਿਤ ਤੌਰ ’ਤੇ ਹਿੰਸਾ ਭੜਕਾਉਣ ਦੇ ਦੋਸ਼ ’ਚ ਇੱਥੋਂ ਦੀ ਫੈਡਰਲ ਕੋਰਟ ਵੱਲੋਂ ਸੰਮਨ ਭੇਜਿਆ ਗਿਆ ਹੈ।ਸਿੱਖ ਸੰਗਠਨ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਲੀਗਲ ਅਡਵਾਈਜ਼ਰ ਗੁਰਪਤਵੰਤ ਸਿੰਘ ਪਨੂੰ ਅਨੁਸਾਰ ਅਮਿਤਾਭ ਬੱਚਨ ’ਤੇ ਇਹ ਕੇਸ 31 ਅਕਤੂਬਰ 1984 ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਅੰਤਿਮ ਸਸਕਾਰ ਦੇ ਬਾਅਦ ਦਿੱਤੇ ਗਏ ਉਨ੍ਹਾਂ ਦੇ ਭੜਕਾਊ ਬਿਆਨ ਨੂੰ ਲੈ ਕੇ ਦਰਜ ਕਰਵਾਇਆ ਗਿਆ ਹੈ।ਪਨੂੰ ਅਨੁਸਾਰ ਅਮਿਤਾਭ ਨੇ ਉਦੋਂ ‘ਖੂਨ ਦੇ ਬਦਲੇ ਖੂਨ’ ਅਤੇ ‘ਖੂਨ ਦੇ ਛਿੱਟੇ ਸਿੱਖਾਂ ਦੇ ਘਰ ਤੱਕ ਪੁੱਜਣੇ ਚਾਹੀਦੇ ਹਨ’ ਵਰਗੀਆਂ ਭੜਕਾਊ ਗੱਲਾਂ ਕਹੀਆਂ ਸਨ।ਅਦਾਲਤ ਨੇ ਬਿਗ ਬੀ ਨੂੰ ਸੰਮਣ ਮਿਲਣ ਦੇ 21
ਦਿਨ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਅਮਰੀਕਾ ਦੀ ਜ਼ਿਲ੍ਹਾ ਅਦਾਲਤ ਵਿੱਚ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਅਤੇ 2 ਦੰਗਾ ਪੀੜਤਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ। ਇਹ ਦੋ ਪੀੜਤ ਕੈਲੀਫੋਰਨੀਆਂ ਦੇ ਰਹਿਣ ਵਾਲੇ ਮਹਿੰਦਰ ਸਿੰਘ ਅਤੇ ਦਿੱਲੀ ਦੇ ਬਾਬੂ ਸਿੰਘ ਦੁਖੀਆ ਹਨ। ਅਮਿਤਾਭ ਉਪਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਹੈ। ਹਾਲੇ ਤੱਕ ਇਸ ਮਾਮਲੇ ਵਿੱਚ ਅਮਿਤਾਭ ਬਚਨ ਵੱਲੋਂ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਗਈ ਹੈ। ਇਸੇ ਦੌਰਾਨ ਅੰਮ੍ਰਿਤਸਰ ਤੋਂ ਪ੍ਰਾਪਤ ਇੱਕ ਰਿਪੋਰਟ ਅਨੁਸਾਰ ਦਿੱਲੀ ਦੰਗਿਆਂ ਦੀ ਮੁੱਖ ਗਵਾਹ ਬੀਬੀ ਜਗਦੀਸ਼ ਕੌਰ ਨੇ ਫਿਲਮ ਅਦਾਕਾਰ ਅਮਿਤਾਭ ਬਚਨ ਨੂੰ ਫੌਰੀ ਤੌਰ ’ਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।



