ਨਾਭਾ ਨੇੜੇ ਪਿੰਡ ਕਪੂਰਗੜ੍ਹ ਵਿਚ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਬੰਧਾਂ ਹੇਠ ਚੱਲ ਰਿਹਾ ਗੁਰਦੁਆਰਾ ਬਾਬਾ ਨਾਥਾ ਸਿੰਘ ਸਿੱਖ ਹੈ। ਗੁਰਦੁਆਰਾ ਸਾਹਿਬ ਦੇ ਨਾਂਅ ‘ਤੇ ਕਾਫ਼ੀ ਜ਼ਮੀਨ ਹੈ ਪਰ ਇਸ ਦਾ ਕਬਜ਼ਾ ਹਾਸਿਲ ਕੀਤੇ ਨੂੰ ਅਜੇ ਕੁਝ ਸਾਲ ਹੀ ਹੋਏ ਹਨ।
ਗੁਰਦੁਆਰਾ ਸਾਹਿਬ ਦੇ ਨਾਲ ਹੀ ਖੰਡਰਾਂ ਵਿਚ ਬਦਲ ਰਹੀ ਪੁਰਾਤਨ ਕਿਲ੍ਹੇ ਦੀ ਇਮਾਰਤ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਬਲਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੁਰਾਤਨ ਕਿਲ੍ਹੇ ਦੀ ਇਮਾਰਤ ਵਿਚ ਹੀ ਸੁਸ਼ੋਭਿਤ ਸਨ। ਕੁਝ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਾਈ ਗਈ ਹੈ। ਗੁਰਦੁਆਰਾ ਸਾਹਿਬ ਦੇ ਨਾਂਅ ‘ਤੇ 65 ਏਕੜ ਜ਼ਮੀਨ ਸੀ। ਇਸ ‘ਤੇ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ। ਸਾਲ 2009 ਵਿਚ ਅਦਾਲਤੀ ਕੇਸ ਜਿੱਤਣ ਤੋਂ ਬਾਅਦ 61 ਏਕੜ ਜ਼ਮੀਨ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਨੇ ਹਾਸਿਲ ਕਰ ਲਿਆ ਹੈ ਜਦੋਂ ਕਿ 4 ਏਕੜ ਜ਼ਮੀਨ ਕਬਜ਼ੇਦਾਰਾਂ ਨੂੰ ਛੱਡਣੀ ਪਈ ਹੈ।ਭਾਈ ਬਲਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਾਬਾ ਨਾਥਾ ਸਿੰਘ ਦਸਵੇਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ (ਨਗਾਰਾ ਵਜਾਉਣ ਵਾਲਾ) ਸਨ। ਦਮਦਮਾ ਸਾਹਿਬ ਵਿਖੇ ਨਾਂਦੇੜ ਵੱਲ ਰਵਾਨਾ ਹੋਣ ਤੋਂ ਪਹਿਲਾਂ ਦਸਮੇਸ਼ ਪਿਤਾ ਨੇ ਬਾਬਾ ਜੀ ਨੂੰ ਸ਼ਸ਼ਤਰ ਅਤੇ ਹੋਰ ਨਿਸ਼ਾਨੀਆਂ ਬਖਸ਼ਿਸ਼ ਕਰਕੇ ਰਵਾਨਾ ਕੀਤਾ ਅਤੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਹੁਕਮ ਕੀਤਾ। ਬਾਬਾ ਨਾਥਾ ਸਿੰਘ ਜੀ ਦਾ ਪਟਿਆਲਾ ਦੇ ਰਾਜੇ ਰਾਮ ਸਿੰਘ ਅਤੇ ਨਾਭਾ ਦੇ ਰਾਜੇ ਤਰਲੋਕ ਸਿੰਘ ਜਿਨ੍ਹਾਂ ਨੇ ਦਸਮੇਸ਼ ਪਿਤਾ ਤੋਂ ਅੰਮ੍ਰਿਤਪਾਨ ਕੀਤਾ ਸੀ, ਨਾਲ ਮਿਲਾਪ ਹੋਇਆ। ਸ: ਤਰਲੋਕ ਸਿੰਘ ਨੇ ਬਾਬਾ ਜੀ ਨੂੰ ਕਪੂਰਗੜ੍ਹ ਦਾ ਕਿਲ੍ਹਾ ਸੌਂਪ ਦਿੱਤਾ। ਉਨ੍ਹਾਂ ਲੰਗਰ ਆਦਿ ਦਾ ਪ੍ਰਬੰਧ ਕਰਨ ਲਈ 65 ਏਕੜ ਜ਼ਮੀਨ ਵੀ ਨਾਂਅ ਲਵਾਈ। ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਦੇ ਹੱਥ ਲਿਖਤ ਸਰੂਪ ਸਸ਼ੋਭਿਤ ਹਨ।
ਸ੍ਰੀ ਦਸਮ ਗ੍ਰੰਥ ਦੇ ਹੱਥ ਲਿਖਤ ਸਰੂਪ ਸਿਰਫ਼ ਹਜ਼ੂਰ ਸਾਹਿਬ ਅਤੇ ਇੱਥੇ ਹੀ ਹਨ। ਸਰੂਪਾਂ ਦੀ ਲਿਖਾਈ ਬਹੁਤ ਹੀ ਸੁੰਦਰ ਹੈ। ਸਰੂਪਾਂ ਦੇ ਦਰਸ਼ਨ ਹਰ ਐਤਵਾਰ ਨੂੰ ਕਰਵਾਏ ਜਾਂਦੇ ਹਨ।
ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੰਘਾ, ਤੇਗਾ, ਤੇਗ, ਮਿਲਵੀਆਂ ਧਾਤਾਂ ਦੇ ਦੋ ਸਫ਼ਾ ਜੰਗ, ਤੀਰਾਂ ਦੇ ਦੋ ਭੱਥੇ ਜਿੰਨ੍ਹਾਂ ਵਿਚ 64 ਤੀਰ ਹਨ ਅਤੇ ਤੀਰਾਂ ਦੀ ਨੋਕ ‘ਤੇ ਸੋਨਾ ਲੱਗਾ ਹੋਇਆ ਹੈ ਤੇ ਹਾਥੀ ਦੇ ਦੰਦ ਦੀ ਮੀਨਾਕਾਰੀ ਕੀਤੀ ਹੋਈ ਹੈ, ਤੋੜੇਦਾਰ ਬੰਦੂਕ, ਕਟਾਰ ਜਿਸ ‘ਤੇ ਸੋਨੇ ਨਾਲ ਮੀਨਾਕਾਰੀ ਕੀਤੀ ਹੋਈ ਹੈ, ਗੁਰੂ ਜੀ ਦਾ ਸੰਜੋ ਅਤੇ ਤੋੜਾ, ਗੁਰੂ ਜੀ ਦੀ ਸਰਬ ਲੋਹ ਦੀ ਮਾਲਾ ਜਿਸ ਦੇ ਮਣਕਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਇਕ ਸਰਬ ਲੋਹ ਦੀ ਢਾਲ, 3 ਤਾਂਬੇ ਦੀਆਂ ਢਾਲਾਂ (ਦੋ ਹੱਥ ਅਤੇ ਦੋ ਪਿੱਠ ਵਾਲੀਆਂ), ਗੁਰੂ ਜੀ ਦਾ ਸਿਤਾਰ, ਪੁਰਾਤਨ ਚੌਰ ਸਾਹਿਬ, ਬਾਬਾ ਨਾਥਾ ਸਿੰਘ ਦੀਆਂ ਬਿਰਾਗਨਾਂ ਸਸ਼ੋਭਿਤ ਹਨ।
ਕਰਮਜੀਤ ਸੋਮਲ