May 26, 2026 11:49 pm

ਤੇ ਜਦੋਂ ਤਾਏ ਨਰੈਣੇ ਨੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ

ਡਾ. ਸਾਧੂ ਰਾਮ ਲੰਗੇਆਣਾ ਸੰਪਰਕ :98781-17285
ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਤਾਏ ਨਰੈਣੇ ਅਤੇ ਉਸਦੇ ਬਾਕੀ ਜੋਟੀਦਾਰਾਂ ਜੱਸੀ, ਭੋਲਾ, ਲਖਵੀਰ ਤੇ ਜਸਵੀਰ ਨੇ ਮਤਾ ਪਕਾਇਆ ਸੀ ਕਿ ਉਹ ਇਸ ਵਾਰ ਪ੍ਰਦੂਸ਼ਿਤ ਰਹਿਤ ਮਤਲਬ ਦੀਵਾਲੀ ਨੂੰ ਪਟਾਕੇ ਖੁਦ ਵੀ ਨਹੀਂ ਚਲਾਉਣਗੇ ਅਤੇ ਬਾਕੀ ਲੋਕਾਂ ਨੂੰ ਵੀ ਪ੍ਰਦੂਸ਼ਿਤ ਰਹਿਤ ਦੀਵਾਲੀ ਮਨਾਉਣ ਬਾਰੇ ਪ੍ਰੇਰਨਾ ਦੇਣਗੇ ਜੇਕਰ ਉਹਨਾਂ ਚੋਂ ਕਿਸੇ ਇੱਕ ਜਾਣੇ ਵੱਲੋਂ ਇਸ ਮਤੇ ਦੀ ਉਲੰਘਣਾ ਕੀਤੀ ਗਈ ਤਾਂ ਉਹ 500 ਰੁਪੈ ਦੀ ਸ਼ਰਤ ਦਾ ਹਰਜਾਨਾ ਵੀ ਭਰੇਗਾ ਤੇ ਸੱਥ ਚ ਜਾ ਕੇ ਨਾਲੇ ਨੱਕ ਨਾਲ ਲਕੀਰਾਂ ਕੱਢੇਗਾ ਤੇ ਨਾਲੇ ਅੱਗੇ ਤੋਂ ਤੋਬਾ ਕਰੇਗਾ ਦੀਵਾਲੀ ਦਾ ਦਿਨ ਆਇਆ ਉਕਤ ਸਾਰਿਆਂ ਚੋਂ ਕਿਸੇ ਹੋਰ ਨੇ ਤਾਂ ਉਲੰਘਣਾ ਕਰਨ ਦੀ ਕੋਸ਼ਿਸ਼ ਨਾਂ ਕੀਤੀ ਪਰ ਤਾਏ ਨਰੈਂਣੇ ਦੇ ਨੰਨ੍ਹੇ-ਮੁੰਨ੍ਹੇ ਪੋਤਰਿਆਂ ਦੀ ਪਟਾਕੇ ਚਲਾਉਣ ਦੀ ਗਹਿਰੀ ਜ਼ਿੱਦ ਕਾਰਨ ਉਹਨਾਂ ਦੇ ਘਰੋਂ ਪਟਾਕੇ ਚੱਲਣ ਦੀਆਂ ਆਵਾਜਾਂ ਦੇਰ ਰਾਤ ਤੱਕ ਆਉਂਦੀਆਂ ਰਹੀਆਂ
ਦਿਨ ਚੜ੍ਹਨ ਸਾਰ ਹੀ ਤਾਏ ਦੇ ਬਾਕੀ ਜੋਟੀਦਾਰ ਉਸਦੇ ਘਰ ਆ ਧਮਕੇ ਕਿ ਬਈ ਤਾਇਆ ਤੂੰ ਸ਼ਰਤ ਹਾਰ ਗਿਆ ਐਂ ਨਾਲੇ ਤਾਂ ਸ਼ਰਤ ਕੱਢ 500 ਰੁਪਾਇਆ ਤੇ ਨਾਲੇ ਸੱਥ ਚ ਚੱਲ ਕੇ ਨੱਕ ਨਾਲ ਕੱਢ ਲਕੀਰਾਂ (ਐਨਾ ਕਹਿਣ ਤੇ ਤਾਏ ਨੇ ਮਨ ਹੀ ਮਨ ਵਿੱਚ ਕਿਹਾ ਬੱਚੂ ਬਣਾਉਨੈਂ ਮੈਂ ਥੋਨੂੰ ਵੀ ਬੰਦੇ ਦੇ ਪੁੱਤ ਜ਼ਰਾ ਠਹਿਰ ਜਾਉ)
ਤਾਇਆ ਆਪਣੇ ਯਾਰਾਂ ਨੂੰ ਕਹਿਣ ਲੱਗਾ ਕਿ ਬਈ ਸ਼ਰਤ ਵਾਲਾ ਤੇ ਬਾਕੀ ਕੰਮ ਫੇਰ ਕਰਦੇ ਐਂ, ਪਹਿਲਾਂ ਐਂ ਕਰੋ ਬਈ ਮੇਰੀ ਹੈਗੀ ਐ ਖੇਤ ਕੱਸੀ ਦੇ ਪਾਣੀ ਲਾਉਣ ਦੀ ਅੱਜ ਵਾਰੀ, ਤੇ ਸਿਰਫ ਚੰਨ ਕੁ ਮਿੰਟ ਹੀ ਬਾਕੀ ਨੇ, ਔਹ ਜ਼ਰਾ ਇੱਕ ਜਾਣਾ, ਸ਼ੈਡ ਥੱਲੇ ਖੜਾ ਮੇਰਾ ਸਕੂਟਰ ਸਟਾਰਟ ਕਰਕੇ ਦੇਵੋ ਪਹਿਲਾਂ ਭੋਲਾ ਫੇਰ ਲਖਵੀਰ ਤੇ ਫੇਰ ਵਾਰੀ-ਵਾਰੀ ਉਸਦੇ ਦੂਸਰੇ ਯਾਰਾਂ ਨੇ ਸਕੂਟਰ ਦੀਆਂ ਅਣਗਿਣਤ ਕਿੱਕਾਂ ਮਾਰੀਆਂ ਪਰ ਸਕੂਟਰ ਸਟਾਰਟ ਨਾਂ ਹੋਇਆ  ਤੇ ਫੇਰ ਤਾਏ ਨੇ ਸਕੂਟਰ ਉੱਤੇ ਬੈਠ ਕੇ ਸਾਰਿਆਂ ਤੋਂ ਵਾਰੋ-ਵਾਰੀ ਲਵਾਇਆ ਧੱਕਾ ਪਰ ਫੇਰ ਵੀ ਨਾਂ ਸਟਾਰਟ ਹੋਇਆ, ਅਖੀਰ ਸਾਰਿਆਂ ਦੀ ਭਿਆਂ ਬੋਲ ਗਈ ਤੇ ਹੰਭ ਹਾਰ ਕੇ ਧਰਤੀ ਤੇ ਹੀ ਬੈਠ ਕੀ ਸਗੋਂ ਮੂਧੇ ਮੂੰਹ ਡਿੱਗ ਹੀ ਪਏ

ਥੋੜੇ ਚਿਰ ਬਾਅਦ ਉਹ ਫਿਰ ਸ਼ਰਤ ਵਾਲੀ ਗੱਲ ਤੇ ਆ ਚੜ੍ਹੇ, ਤਾਂ ਤਾਇਆ ਅੱਗੋਂ ਕਹਿੰਦਾ ਬਈ ਸ਼ਰਤ ਮੈਂ ਵੀ ਤੇ ਤੁਸੀਂ ਵੀ  ਹਾਰ ਗਏ ਓ ਤੁਸੀਂ ਤਾਂ ਮੂਧੇ ਮੂੰਹ ਡਿੱਗ ਕੇ ਧਰਤੀ ਤੇ ਮੂੰਹ ਨਾਲ ਲਕੀਰਾਂ ਕੱਢ ਈ ਲਈਆਂ ਨੇ ਉਤੋਂ ਪੰਜ-ਪੰਜ ਸੌ ਦੇ ਗਾਂਧੀ ਵਾਲੇ ਨੋਟ ਵੀ ਕੱਢੋ, ਪਰ ਤਾਇਆ ਇਹ ਕਿਵੇਂ3 ਸਾਰੇ ਜਾਣੇ ਹੈਰਾਨ ਪ੍ਰੇਸ਼ਾਨ ਹੁੰਦੇ ਹੋਏ ਬੋਲੇ
ਹਿਲਾਂ ਸ਼ਰਤ ਕੱਢੋ, ਜਾਂ ਭਿਆਂ ਕਰੋ ਫੇਰ ਦੱਸਾਂਗਾ ਤਾਇਆ ਮੁਸ਼ਕੜੀਆਂ ਹਾਸੀ ਹੱਸਦਾ ਹੋਇਆ ਬੋਲਿਆ
ਸਾਰਿਆਂ ਨੇ ਇੱਕਠੀ ਹੀ ਭਿਆਂ ਬੋਲ ਦਿੱਤੀ
ਤਾਂ ਤਾਇਆ ਕਹਿਣ ਲੱਗਾ ਉਏ ਢੇਕਿਓ ਮੜਕ ਦਿਓ, ਬਾਲ੍ਹੇ ਸਿਆਣੇ ਤਾਂ ਬਣੇ ਫਿਰਦੇ ਓ, ਥੋਨੂੰ ਪਤੈ ਈ ਨਹੀਂ ਏ ਕਿ ਬਈ ਪ੍ਰਦੂਸ਼ਿਤ ਰਹਿਤ ਜੇ ਦੀਵਾਲੀ ਮਨਾਉਣੀ ਹੋਵੇ ਤਾਂ ਉਹਦਾ ਕੀ ਢੰਗ ਐ, ਆਹ ਪਰਸੋ-ਚੌਥੇ ਝੋਨੇ ਦੀ ਫਸਲ ਚੈੱਕ ਕਰਨ ਡੀ.ਸੀ. ਆਇਆ ਸੀ ਆਪਣੀ ਮੰਡੀ ਚ, ਤੇ ਨੇੜੇ ਹੀ ਕਿਸੇ ਜੱਟ ਨੇ ਲਗਾਈ ਹੋਈ ਸੀ ਝੋਨੇ ਦੀ ਪਰਾਲੀ ਨੂੰ ਅੱਗ, ਡੀ.ਸੀ. ਨੇ ਝੋਨਾ ਚੈੱਕ ਕਰਨ ਵੱਲ ਘੱਟ ਧਿਆਨ ਦਿੱਤਾ ਤੇ ਉਸ ਜੱਟ ਤੇ ਫਟਾਫਟ ਪ੍ਰਦੂਸ਼ਣ ਫੈਲਾਉਣ ਦਾ ਥਾਣੇ ਕੇਸ ਦਰਜ ਕਰਵਾ ਦਿੱਤਾ।
ਮੈਂ ਵੀ ਉਹਨਾਂ ਕੋਲ ਖੜ੍ਹਾ ਸੀ ਜਦੋਂ ਜਾਣ ਲੱਗੇ ਤਾਂ ਪਤੰਦਰ ਡੀ.ਸੀ. ਦੇ ਬਾਡੀ ਗਾਰਡਾਂ ਵਾਲੀ ਗੱਡੀ ਨੇ ਐਸਾ ਧੂੰਆਂ ਮਾਰਿਆਂ ਬਈ ਮੇਰੇ ਕੋਲ ਖੜ੍ਹੇ ਦਾ ਚਿੱਟਾ ਚਾਦਰਾ ਕਾਲਾ ਸ਼ਾਹ ਕਰਕੇ ਰੱਖ ਦਿੱਤਾ ਤੇ ਜਦੋਂ ਮੈਂ ਕਾਰ ਦੇ ਧੂੰਏਂ ਬਾਰੇ ਗੱਲ ਕੀਤੀ ਤਾਂ ਉਥੇ ਖੜਾ ਬਿਰਜੂ ਆੜਤੀਆ ਕਹਿੰਦਾ ਬਈ ਇਹਦੇ ਕੋਲ ਧੂੰਆਂ ਛੱਡਣ ਵਾਲਾ ਸਰਕਾਰੀ ਕਾਗਜ਼ ਹੈਗਾ ਐ, ਤੇ ਏਵੇਂ ਭਰਾਵੋ ਆਪਾਂ ਕਿਹੜਾ ਕਿਸੇ ਨੂੰਹ-ਧੀ ਨਾਲੋ ਘੱਟ ਐਂ, ਮੇਰੇ ਜੁਆਕ ਬਾਲ੍ਹੇ ਮਗਰ ਪੈ ਗਏ ਸੀ ਕਿ ਬਈ ਬਾਪੂ ਪਟਾਕੇ ਲਿਆ ਕੇ ਦੇਵੋ ਤੇ ਮੈਂ ਆਪਣੇ ਮਨ ਨਾਲ ਸਕੀਮ ਕੱਢ ਕੇ ਆਪਣੇ ਸਕੂਟਰ ਦਾ ਸਹੀ ਸਲਾਮਤ ਪਲੱਗ ਕੱਢ ਲਿਆ ਤੇ ਮੱਚਿਆ ਹੋਇਆ ਪਲੱਗ ਫਿੱਟ ਕਰ ਦਿੱਤਾ ਤੇ ਜਦੋਂ ਮਾਰੀਆਂ ਕਿੱਕਾਂ ਤਾਂ ਬੱਸ ਫਿਰ ਪਟਾਕੇ ਕੀ ਐਟਮ ਬੰਬਾਂ ਦੀ ਹੀ ਆਵਾਜ਼ ਨਿਕਲਦੀ ਸੀ ਤੇ ਹੁਣ ਤੁਸੀਂ ਵੀ ਚਲਾ ਲਏ ਨੇ ਪਟਾਕੇ ਸਕੂਟਰ ਸਟਾਰਟ ਕਰਨ ਲੱਗਿਆਂ ਨੇ ਹੁਣ ਦੱਸੋ ਕਿਵੇਂ ਲੱਗੀ ਥੋਨੂੰ ਮੇਰੀ ਸਕੀਮ ਹੈ ਨਾਂ ਡੀ.ਸੀ. ਦੀ ਕਾਰ ਵਾਂਗੂੰ ਚੋਰ-ਮੋਰੀ
ਹਾ..ਹਾ…ਹਾ… ਇੱਕਦਮ ਹਾਸਿਆਂ ਦੀ ਗੂੰਜ ਸਾਰਿਆਂ ਦਾ ਥਕੇਵਾਂ ਦੂਰ ਕਰ ਗਈ ।

Send this to a friend