May 27, 2026 12:49 am

ਆਧੁਨਿਕ ਸ਼ੈਲੀ ਦਾ ਮਰਮਸਪਰਸ਼ੀ ਲਕਸ਼ਮੀ ਨਾਰਾਇਣ ਮੰਦਿਰ

ਆਧੁਨਿਕ ਸ਼ੈਲੀ ਦਾ ਮਰਮਸਪਰਸ਼ੀ ਅਧਿਆਤਮਿਕ ਲਕਸ਼ਮੀ ਨਾਰਾਇਣ ਮੰਦਿਰ ਬਿਲਾਸਪੁਰ (ਹਿ: ਪ੍ਰ:) ਵਿਖੇ ਸੁਸ਼ੋਭਿਤ ਹੈ। ਇਹ ਅਤਿ ਸੁੰਦਰ ਮੰਦਿਰ 11 ਸੈਕਟਰ, ਨਜ਼ਦੀਕ ਬੱਸ ਸਟੈਂਡ, ਬਿਲਾਸਪੁਰ ਵਿਖੇ ਸਥਿਤ ਹੈ। ਦੱਸਿਆ ਜਾਂਦਾ ਹੈ ਕਿ ਲਕਸ਼ਮੀ ਨਾਰਾਇਣ ਮੰਦਿਰ ਨੂੰ ਪੁਨਰ-ਨਿਰਮਾਣ ਕਰਨ ਲਈ ਕਈ ਸਾਲ ਲੱਗੇ, ਕਿਉਂਕਿ ਅਸਲੀ ਪ੍ਰਾਚੀਨ ਲਕਸ਼ਮੀ ਨਾਰਾਇਣ ਮੰਦਿਰ ਭਾਖੜਾ ਡੈਮ ਦੀ ਜ਼ਮੀਨ ਵਿਚ ਆ ਗਿਆ ਸੀ ਅਤੇ ਇਹ ਮੰਦਿਰ ਪਾਣੀ ਦੇ ਵਿਚ ਅਲੋਪ ਹੋ ਗਿਆ। ਇਸ ਮੰਦਿਰ ਨੂੰ ਦੁਬਾਰਾ ਇਸ ਸਥਾਨ ਉੱਪਰ ਆਧੁਨਿਕ ਸ਼ੈਲੀ ਵਿਚ ਬਣਾਇਆ ਗਿਆ ਪਰ ਇਸ ਵਿਚ ਪ੍ਰਾਚੀਨ ਭਗਵਾਨ ਮੂਰਤੀਆਂ ਅੱਜ ਵੀ ਸੁਸ਼ੋਭਿਤ ਹਨ। ਸ ਮੰਦਿਰ ਤੱਕ ਪਹੁੰਚਣ ਲਈ ਨਾਰਥ ਜ਼ੋਨ ਦੇ ਸਾਰੇ ਸ਼ਹਿਰਾਂ ‘ਚੋਂ ਇਥੇ ਆਇਆ ਜਾ ਸਕਦਾ ਹੈ। ਅਗਰ ਪੰਜਾਬ ‘ਚੋਂ ਜਾਣਾ ਹੋਵੇ ਤਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਰ ਉੱਪਰ ਜਾਣ ਲਈ ਲਗਭਗ 3 ਘੰਟੇ ਲੱਗ ਜਾਂਦੇ ਹਨ। ਸਾਰਾ ਰਸਤਾ ਟੇਢੇ-ਮੇਢੇ ਪਹਾੜੀ ਰਸਤਿਆਂ ਨਾਲ ਸੰਪਰਕ ਬਣਾਉਂਦਾ ਹੈ। ਉੱਚੀਆਂ ਪਹਾੜੀਆਂ ਦਾ ਰਸਤਾ ਹੈ। ਇਸ ਰਸਤੇ ਦੌਰਾਨ ਅਨੇਕਾਂ ਪ੍ਰਸਿੱਧ ਮੰਦਿਰ ਵੀ ਆਉਂਦੇ ਹਨ, ਜੋ ਮੁੱਖ ਸੜਕ ਤੋਂ ਕੁਝ ਕਿਲੋਮੀਟਰ ਦੂਰ ਉੱਚੀਆਂ ਪਹਾੜੀਆਂ ਉੱਪਰ ਹਨ।ਲਕਸ਼ਮੀ ਨਾਰਾਇਣ ਮੰਦਿਰ ਸ਼ਿਵ-ਪਾਰਬਤੀ ਦੀ ਯਾਦ ਨੂੰ ਤਾਜ਼ਾ ਕਰਦਾ ਹੈ। ਇਸ ਮੰਦਿਰ ਪ੍ਰਵੇਸ਼ ਦੁਆਰਾ

ਬਾਹਰਲੇ ਮੁੱਖ ਗੇਟ ਤੋਂ ਬਾਅਦ ਕਾਫੀ ਖੁੱਲ੍ਹਾ ਪਾਰਕਨੁਮਾ ਮੈਦਾਨ ਹੈ। ਵਿਸ਼ਾਲ ਦਾਇਰੇ ਵਿਚਕਾਰ ਮੰਦਿਰ ਦੀ ਇਮਾਰਤ ਸੁਸ਼ੋਭਿਤ ਹੈ। ਪਾਰਕਾਂ ਨਾਲ ਸਟੈਂਡ ਲਾਈਟਾਂ ਦਾ ਪ੍ਰਬੰਧ ਹੈ। ਮੰਦਿਰ ਦਾ ਦੁਆਰ ਢਲਾਵੀਂ ਛੱਤ ਦਾ ਹੈ, ਜੋ ਲਾਲ ਰੰਗ ਵਿਚ ਹੈ। ਮੰਦਿਰ ਦੇ ਸੱਜੇ ਪਾਸੇ ਦੋ ਗੋਲਾਕਾਰ ਗੁੰਬਦ ਹਨ, ਜੋ ਚਿੱਟੇ ਤੇ ਗੁਲਾਬੀ ਰੰਗ ਵਿਚ ਹਨ। ਇਨ੍ਹਾਂ ਦੋਵਾਂ ਗੁੰਬਦਾਂ ਨਾਲ ਫਿਰ ਸੱਜੇ-ਖੱਬੇ ਤਿਕੋਣੇ ਆਕਾਰ ਦੇ ਗੁੰਬਦ ਹਨ। ਸੈਂਟਰ ਵਿਚ ਤਿਕੋਣਾ ਸਭ ਤੋਂ ਵੱਡਾ ਗੁੰਬਦ ਹੈ। ਸਾਰਾ ਮੰਦਿਰ ਸਫੈਦ ਅਤੇ ਗੁਲਾਬੀ ਰੰਗਤ ਵਿਚ ਅਲੰਕਾਰਿਤ ਹੈ। ਮੰਦਿਰ ਦੇ ਅੰਦਰ ਲਕਸ਼ਮੀ ਨਾਰਾਇਣ ਦੀਆਂ ਮੂਰਤੀਆਂ ਸੁਸ਼ੋਭਿਤ ਹਨ। ਹਿੰਦੂ ਧਰਮ ਮਰਿਆਦਾ ਦੇ ਮੁਤਾਬਿਕ ਸਾਰੇ ਦਿਨ-ਤਿਉਹਾਰ ਧੂਮਧਾਮ ਅਤੇ ਸ਼ਰਧਾਪੂਰਵਕ ਢੰਗ ਨਾਲ ਮਨਾਏ ਜਾਂਦੇ ਹਨ। ਸ਼ਿਵਰਾਤਰੀ ਦਾ ਤਿਉਹਾਰ ਇਥੋਂ ਦਾ ਪ੍ਰਸਿੱਧ ਤਿਉਹਾਰ ਹੈ। ਇਸ ਮੰਦਿਰ ਵਿਚ ਸਵੇਰੇ-ਸ਼ਾਮ ਪੂਜਾ-ਪਾਠ, ਆਰਤੀ ਦਾ ਜੈ ਗਾਨ ਹੁੰਦਾ ਹੈ। ਇਸ ਇਲਾਕੇ ਵਿਚ ਇਸ ਮੰਦਿਰ ਦੀ ਬਹੁਤ ਮਾਨਤਾ ਹੈ। ਮੰਦਿਰ ਦੇ ਚਾਰੇ ਪਾਸੇ ਪਹਾੜੀ ਦ੍ਰਿਸ਼ ਅਤੇ ਪਿਛਲੇ ਪਾਸੇ ਸੁੰਦਰ ਝੀਲ ਦੇ ਮਨਮੋਹਣੇ ਦ੍ਰਿਸ਼ ਦੇਖਣ ਨੂੰ ਮਿਲਦੇ ਹਨ।
ਝ ਬਲਵਿੰਦਰ ਬਾਲਮ ਗੁਰਦਾਸਪੁਰ
ਸੰਪਰਕ : 98156-25409

Send this to a friend