May 28, 2026 4:56 am

ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਾਸੀਆਂ ਨੂੰ ਦੀਵਾਲੀ ਦੀ ਵਧਾਈ

ਚੰਡੀਗੜ੍ਹ, 22 ਅਕਤੂਬਰ (ਪੀ. ਟੀ.)- ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਰੋਸ਼ਨੀਆਂ ਦੇ ਤਿਉਹਾਰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ  ਪੂਰਵ ਸੰਧਿਆਂ ’ਤੇ ਪੰਜਾਬ ਵਾਸੀਆਂ ਨੂੰ ਆਪਣੀਆਂ  ਹਾਰਦਿਕ ਸ਼ੁਭਕਾਮਨਾਵਾਂ ਭੇਟ ਕੀਤੀਆਂ ਹਨ। ਇਕ ਸੰਦੇਸ਼ ਵਿਚ ਸ. ਬਾਦਲ ਨੇ ਕਿਹਾ ਕਿ  ਭਾਰਤ ਦੇ ਸਭ ਤੋਂ ਵੱਧ ਰੰਗੀਨ ਅਤੇ ਮਨਮੋਹਕ ਤਿਉਹਾਰਾਂ ਵਿੱਚ ਇਕ ਦੀਵਾਲੀ ਨੂੰ ਸਮਾਜ ਦੇ ਹਰ ਵਰਗ ਵੱਲੋਂ ਭਾਰੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਹੀ ਭਗਵਾਨ ਰਾਮ, ਰਾਵਣ ਨੂੰ ਜੰਗ ਵਿਚ ਹਰਾ ਕੇ  ਅਯੁੱਧਿਆ ਪਰਤੇ ਸਨ ਅਤੇ ਇਹ ਤਿਉਹਾਰ ਬਦੀ ਉਪਰ ਨੇਕੀ  ਅਤੇ ਝੂਠ ਉਪਰ ਸਚਾਈ ਦੀ ਜਿੱਤ ਦਾ ਵੀ ਪ੍ਰਤੀਕ ਹੈ। ਸਿੱਖ ਸੰਗਤਾਂ ਵਲੋਂ ਇਹ ਤਿਉਹਾਰ ਇਸ ਦਿਨ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ  ਦੇ 52 ਰਾਜਿਆਂ ਸਮੇਤ ਗਵਾਲੀਅਰ ਦੇ  ਕਿਲ੍ਹੇ ਵਿੱਚੋਂ ਰਹਾਅ ਹੋ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਣ ਦੀ ਖੁਸ਼ੀ ਵਿੱਚ ਬੰਦੀ

ਛੋੜ ਦਿਵਸ  ਵਜੋਂ ਪੂਰਨ ਜ਼ੋਸ਼ੋ-ਖਰੋਸ਼ ਨਾਲ ਮਨਾਇਆ ਜਾਂਦਾ ਹੈ। ਸ. ਬਾਦਲ ਨੇ ਕਿਹਾ ਕਿ ਰਵਾਇਤੀ ਤੌਰ ਤੇ ਲੋਕ ਇਸ ਤਿਉਹਾਰ ਮੌਕੇ ਹਨੇਰੇ ਨੂੰ ਦੂਰ ਕਰਨ ਲਈ ਆਪਣੇ ਘਰਾਂ ਨੂੰ ਰੋਸ਼ਨ ਕਰਦੇ ਹਨ ਅਤੇ ਅਮਨ ਅਤੇ ਖੁਸ਼ਹਾਲੀ ਲਈ ਮਾਂ ਲਕਸ਼ਮੀ  ਦੀ ਪੂਜਾ ਕਰਦੇ ਹਨ।
ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਮੌਕੇ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ  ਕੀਤੀ  ਜਾਂਦੀ ਦੀਪਮਾਲਾ ਇਕ ਅਦੁੱਤੀ ਨਜ਼ਾਰਾ ਪੇਸ਼ ਕਰਦੀ ਹੈ।
ਇਸ ਤਿਉਹਾਰ ਮੌਕੇ ਲੋਕਾਂ ਦੀਆਂ ਖੁਸੀਆਂ ਵਿਚ ਸ਼ਰੀਕ ਹੁੰਦਿਆਂ ਉਪ-ਮੁੱਖ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਇਹ ਰਾਜ ਅੰਦਰ ਅਮਨ, ਇਕਸੁਰਤਾ ਅਤੇ ਖੁਸ਼ਹਾਲੀ ਦਾ ਨਵਾਂ ਦੌਰ ਲੈ ਕੇ ਆਵੇਗਾ।

Send this to a friend