ਜੰਮੂ 22 ਅਕਤੂਬਰ (ਪੀ. ਟੀ.)- ਤਿੰਨ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਅੱਜ ਫਿਰ ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਸਾਂਬਾ ਜਿਲ੍ਹੇ ਵਿਚ ਕੌਮਾਂਤਰੀ ਸਰਹੱਦ ਪਾਰੋਂ ਗੋਲੀਬਾਰੀ ਕੀਤੀ। ਰਾਮਗੜ੍ਹ ਦੇ ਥਾਣੇਦਾਰ ਸਤੀਸ਼ ਕੁਮਾਰ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਆਸਪਾਸ ਕੌਮਾਂਤਰੀ ਸਰਹੱਦ ਦੇ ਨਾਲ ਪੈਂਦੀ ਨਰਾਇਣਪੁਰ ਚੌਕੀ ਉਪਰ ਪਾਕਿਸਤਾਨੀ ਰੇਂਜਰਾਂ ਨੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਬੀ.ਐਸ.ਐਫ ਦੇ ਬੁਲਾਰੇ ਨੇ ਜੰਗਬੰਦੀ ਦੀ ਉਲੰਘਣਾ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਸੰਖੇਪ ਸਮੇਂ ਲਈ ਹੋਈ ਗੋਲੀਬਾਰੀ ਦਾ ਭਾਰਤੀ ਜਵਾਨਾਂ ਨੇ ਵੀ ਢੁੱਕਵਾਂ ਜਵਾਬ ਦਿੱਤਾ। ਬੁਲਾਰੇ ਅਨੁਸਾਰ ਗੋਲੀਬਾਰੀ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਤੇ ਨਾ ਹੀ ਕੋਈ ਜ਼ਖਮੀ ਹੋਇਆ ਹੈ।