May 28, 2026 7:49 pm

ਸਿੱਧੂ ਆਪਣੀ ਜ਼ੁਬਾਨ ’ਤੇ ਲਗਾਮ ਲਗਾਏ, ਅਕਾਲੀ ਦਲ ਦੇ ਖਿਲਾਫ ਬੋਲਣਾ ਮੰਦਭਾਗਾ : ਮਜੀਠੀਆ

ਬੁਢਲਾਡਾ, 15 ਅਕਤੂਬਰ (ਅਮਨ ਮਹਿਤਾ)- ‘‘ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਦਾ ਬੋਲਣਾ ਮੰਦਭਾਗਾ ਹੈ। ਸਿੱਧੂ ਨੂੰ ਐਮ.ਪੀ. ਅਕਾਲੀ ਦਲ ਨੇ ਬਣਾਇਆ ਸੀ, ਉਹ ਆਪਣੀ ਜ਼ੁਬਾਨ ਨੂੰ ਲਗਾਮ ਲਗਾਏ।’’ ਇਹ ਸ਼ਬਦ ਸੋਲਰ ਊਰਜਾ ਪਲਾਂਟ ਦੇ ਉਦਘਾਟਨੀ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਹੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੀ ਸਾਂਝ ਬਿਨਾਂ ਕਿਸੇ ਲੋਭ-ਲਾਲਚ ਦੇ 1966 ਤੋਂ ਚੱਲ ਰਹੀ ਹੈ। ਇਹ ਗਠਜੋੜ ਕਿਸੇ ਵਿਅਕਤੀ ਦੇ ਬਿਆਨ ਨਾਲ ਟੁੱਟਣ ਵਾਲਾ ਨਹੀ। ਉਨ੍ਹਾਂ ਕਿਹਾ ਕਿ ਅੱਜ ਉਹ ਮਾਲਵੇ ਦੀ ਧਰਤੀ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪੱਛੜੇ ਖੇਤਰ ਬੋਹਾ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ  ਮਾਧਵ ਗਰੁੱਪ ਸੋਲਰ ਪ੍ਰਾਇਵੇਟ ਬੜੋਦਾ ਵੱਲੋਂ 34 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਗਏ ਸੋਲਰ ਪਲਾਂਟ ਦਾ ਉਦਘਾਟਨ ਕਰਨ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਕੋਲੇ ਦੀ ਕਮੀ

ਦਿਨੋਂ-ਦਿਨ ਘਟਦੀ ਜਾ ਰਹੀ ਹੈ। ਇਸ ਲਈ ਪੰਜਾਬ ਦੇ ਧਰਤੀ  ਨੂੰ ਸੂਰਜੀ ਊਰਜਾ ਪਲਾਂਟ ਲਈ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੋਲੇ ਦੀ ਬਿਜਲੀ ਮਹਿੰਗੀ ਹੋਵੇਗੀ ਅਤੇ ਸੋਲਰ ਦੀ ਬਿਜਲੀ ਸਸਤੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 2020 ਤੱਕ ਸੂਰਜੀ ਊਰਜਾ ਦਾ ਇਨਕਲਾਬ ਲਿਆਂਦਾ ਜਾਵੇਗਾ। ਇਸ ਮੌਕੇ ਤੇ ਮਾਧਵ ਗਰੁੱਪ ਸੋਲਰ ਪਾਵਰ ਦੇ ਡੀ.ਜੀ.ਐਮ ਅਮਿਤ ਖੁਰਾਣਾ ਨੇ ਦੱਸਿਆ ਕਿ ਸੋਲਰ ਪਾਵਰ ਪਲਾਂਟ ਲਗਾਉਣ ਲਈ ਪੰਜਾਬ ਦੀ ਧਰਤੀ ਸਭ ਤੋਂ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੇ ਗੁਜਰਾਤ ਵਿੱਚ ਸਫਲ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਦੱਸਿਆਂ ਕਿ ਪੰਜਾਬ ਸਰਕਾਰ ਨਾਲ ਹੋਏ ਇੱਕ ਐਗਰੀਮੈਂਟ ਮੁਤਾਬਿਕ ਸੋਲਰ ਊਰਜਾ ਤੋਂ ਬਿਜਲੀ ਪੈਦਾ ਕਰਕੇ ਪੰਜਾਬ ਪਾਵਰ ਕਾਰਪੋਰੇਸ਼ਨ ਨੂੰ ਦਿੱਤੀ ਜਾਵੇਗੀ। ਜਿਸਦੇ ਬਦਲੇ ਪੰਜਾਬ ਸਰਕਾਰ ਤੋਂ ਪ੍ਰਤੀ ਯੂਨਿਟ 2 ਰੇਟਾਂ 7 ਰੁਪਏ 20 ਪੈਸੇ ਅਤੇ 7 ਰੁਪਏ 48 ਪੈਸੇ ਵਸੂਲੇ ਜਾਣਗੇ। ਇਸ ਮੌਕੇ ਤੇ ਬਲਵਿੰਦਰ ਸਿੰਘ ਭੂੰਦੜ ਨੇ ਸੋਲਰ ਨੇ ਘਰਾਂ ਵਿੱਚ ਸੋਲਰ ਪਲਾਂਟ ਲਗਾਉਣ ਤੇ ਵੀ ਜੋਰ ਦਿੱਤਾ ਹੈ।ਇਸ ਮੌਕੇ ’ਤੇ ਡਿਪਟੀ ਕਮਿਸ਼ਨਰ ਮਾਨਸਾ ਪ੍ਰਵੀਨ ਥਿੰਦ, ਐਸ.ਐਸ.ਪੀ ਮਾਨਸਾ ਭੁਪਿੰਦਰ ਸਿੰਘ ਖਟੜਾ, ਵਿਧਾਇਕ ਚਤਿੰਨ ਸਿੰਘ ਸਮਾਓ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਜ਼ਿਲ੍ਹਾ ਪ੍ਰਸ਼ਿਦ ਚੇਅਰਮੈਨ ਸੁਖਦੇਵ ਸਿੰਘ ਚੈਣੇਵਾਲਾ, ਸ੍ਰੋਮਣੀ ਕਮੇਟੀ ਮੈਂਬਰ ਬਾਬਾ ਸੁਖਚੈਨ ਸਿੰਘ, ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਫਫੜੇ ਭਾਈ ਕੇ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਧਲੇਵਾਂ ਆਦਿ ਹਾਜ਼ਰ ਸਨ।

Send this to a friend