May 28, 2026 7:48 pm

ਸੈਂਪਲ ਭਰਨ ਤੋਂ ਦੁਖੀ ਡੇਅਰੀ ਮਾਲਿਕ ਨੇ ਕਵਰੇਜ ਕਰ ਰਹੇ ਪੱਤਰਕਾਰ ਨਾਲ ਕੀਤਾ ਦੁਰਵਿਵਹਾਰ

ਧਨੌਲਾ, 15 ਅਕਤੂਬਰ (ਪੱਤਰਪ੍ਰੇਰਕ)- ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਟਾਇਮਜ਼ ਦੇ ਜ਼ਿਲ੍ਹਾ ਇੰਚਾਰਜ ਰਾਮ ਸਿੰਘ ਧਨੌਲਾ ਵੱਲੋਂ ਪਿਛਲੇ ਦਿਨੀਂ ‘‘ਜ਼ਿਲ੍ਹਾ ਬਰਨਾਲਾ ’ਚ ਸਿਹਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਿਲਾਵਟੀ ਵਸਤਾਂ ਦਾ ਧੰਦਾ ਜ਼ੋਰਾਂ ’ਤੇ’’ ਹੈਡਿੰਗ ਨਾਲ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ। ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਮੰਡੀ ਧਨੌਲਾ ਦੇ ਮੇਨ ਬਾਜ਼ਾਰ ਵਿਖੇ ਜਸਵੀਰ ਸਿੰਘ ਜੱਸ ਦੀ ਡੇਅਰੀ ਤੋਂ ਘਿਓ ਦੇ ਸੈਂਪਲ ਭਰੇ। ਬੁਖਲਾਹਟ ’ਚ ਆਏ ਡੇਅਰੀ ਮਾਲਿਕ ਨੇ ਮੌਕੇ ’ਤੇ ਕਵਰੇਜ ਕਰ ਰਹੇ ਪੱਤਰਕਾਰ ਨੂੰ ਅਸੱਭਿਅਤ ਸ਼ਬਦ ਵਰਤ ਕੇ ਧੱਕਾਮੁੱਕੀ ਕੀਤੀ। ਇਹ ਮਾਮਲਾ ਥਾਣੇ ਪੁੱਜਣ ਤੋਂ ਬਾਅਦ ਥਾਣਾ ਮੁਖੀ ਸ. ਗੁਰਭਜਨ ਸਿੰਘ ਦੀ ਹਾਜ਼ਰੀ ਵਿੱਚ ਵਪਾਰ ਮੰਡਲ ਦੇ ਅਹੁਦੇਦਾਰਾਂ ਅਤੇ ਬਾਜ਼ਾਰ ਦੇ ਪਤਵੰਤਿਆਂ ਨੇ ਇਸ ਮੰਦਭਾਗੀ ਘਟਨਾ ਨੂੰ ਗਲਤ ਕਰਾਰ ਦਿੰਦਿਆਂ ਜਸਵੀਰ ਸਿੰਘ ਨੂੰ ਉਕਤ ਪੱਤਰਕਾਰ ਨਾਲ ਕੀਤੇ ਦੁਰਵਿਵਹਾਰ ਲਈ ਮੁਆਫੀ ਮੰਗਣ

ਲਈ ਕਿਹਾ। ਜਸਵੀਰ ਸਿੰਘ ਨੇ ਥਾਣੇ ਅੰਦਰ ਉਕਤ ਪੱਤਰਕਾਰ ਤੋਂ ਮੁਆਫੀ ਮੰਗ ਕੇ ਖਹਿੜਾ ਛੁਡਵਾਇਆ। ਮੰਡੀ ਅੰਦਰ ਇਹ ਚਰਚਾ ਜ਼ੋਰਾਂ ’ਤੇ ਹੈ ਕਿ ਸਿਹਤ ਅਧਿਕਾਰੀ ਸੰਪੂਰਨ ਸਿੰਘ ਵੱਲੋਂ ਮੰਡੀ ਅੰਦਰ ਸੈਂਪਲਿੰਗ ਕਰਨ ਤੋਂ ਪਹਿਲਾਂ ਦੁਕਾਨਦਾਰਾਂ ਨੂੰ ਸੁਚੇਤ ਕਰ ਦਿੱਤਾ ਜਾਂਦਾ ਹੈ।
ਮਿਲਾਵਟਖੋਰਾਂ ਨਾਲ ਕਥਿਤ ਮਿਲੀਭੁਗਤ ਕਰਕੇ ਘਟੀਆ ਮਿਆਰ ਦੀਆਂ ਚੀਜ਼ਾਂ ਦਾ ਸੈਂਪਲ ਭਰਨ ਦੀ ਬਜਾਏ ਨਾਮੀ ਕੰਪਨੀਆਂ ਦੀਆਂ ਵਸਤਾਂ ਦੇ ਸੈਂਪਲ ਭਰ ਕੇ ਖਾਨਾਪੂਰਤੀ ਕੀਤੀ ਜਾਂਦੀ ਹੈ। ਇਹ ਵੀ ਪਤਾ ਚੱਲਿਆ ਹੈ ਕਿ ਸਿਹਤ ਅਧਿਕਾਰੀ ਕਥਿਤ ਤੌਰ ’ਤੇ ਭ੍ਰਿਸ਼ਟ ਤਰੀਕੇ ਨਾਲ ਮਿਲਾਵਟਖੋਰੀ ਨੂੰ ਸ਼ਹਿ ਦਿੰਦੇ ਹੋਏ ਮਿਲਾਵਟਖੋਰਾਂ ਤੋਂ ਮਹੀਨਾ ਲੈ ਕੇ ਚਲਦੇ ਬਣਦੇ ਹਨ।

Send this to a friend