ਓਸਲੋ, 14 ਅਕਤੂਬਰ (ਪੀ. ਟੀ.)-ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਨਾਰਵੇ ਦੀਆਂ ਕੰਪਨੀਆਂ ਨੂੰ ਨਵੀਂ ਭਾਰਤ ਸਰਕਾਰ ਦੀ ‘ਮੇਕ ਇਨ ਇੰਡੀਆ‘ ਪਹਿਲ ਕਦਮੀ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਨਿਵੇਸ਼ਕਾਰਾਂ ਤੇ ਉਦਮੀਆਂ ਨੂੰ ਕਿਹਾ ਕਿ ਉਹ ਭਾਰਤ ਦੇ ਬੁਨਿਆਦੀ ਸੈਕਟਰ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ। ਬਾਦਸ਼ਾਹ ਹਰਲਡ ਵੀ ਤੇ ਰਾਣੀ ਸੋਨਜਾ ਵੱਲੋਂ ਲੰਘੀ ਰਾਤ ਸ਼ਾਹੀ ਮਹਿਲ ਵਿਖੇ ਸਰਕਾਰੀ ਤੌਰ ’ਤੇ ਦਿੱਤੇ ਖਾਣੇ ਮੌਕੇ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ‘‘ ਅਸੀ ਰੇਲਵੇ, ਸੜਕਾਂ, ਬੰਦਰਗਾਹਾਂ, ਬਿਜਲੀ ਤੇ ਸੰਚਾਰ ਖੇਤਰਾਂ ਵਿਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਸਵਾਗਤ ਕਰਦੇ ਹਾਂ। ਅਸੀਂ ਨਾਰਵੇ ਦੀਆਂ ਕੰਪਨੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਨਵੀਂ ਸਰਕਾਰ ਦੇ ‘‘ਮੇਕ ਇਨ ਇੰਡੀਆ‘‘ ਪ੍ਰੋਗਰਾਮ ਵਿਚ ਭਾਰਤੀ
ਕੰਪਨੀਆਂ ਨਾਲ ਹੱਥ ਮਿਲਾਉਣ ਤੇ ਵਿਦੇਸ਼ੀ ਨਿਵੇਸ਼ਕਾਰਾਂ ਦੀ ਭਾਰਤ ਦੇ ਵਿਕਾਸ ਵਿਚ ਹਿੱਸੇਦਾਰੀ ਸੁਖਾਲੀ ਬਣਾਉਣ ਲਈ ਪ੍ਰਕ੍ਰਿਆ ਨੂੰ ਸਰਲ ਬਣਾਇਆ ਜਾ ਰਿਹਾ ਹੈ।‘‘ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਤੇ ਨਾਰਵੇ ਵਿਚਾਲੇ ਵਪਾਰ ਵੱਧ ਰਿਹਾ ਹੈ ਪਰੰਤੂ ਅਜੇ ਵਪਾਰ ਹੋਰ ਵਧਾਉਣ ਦੀਆਂ ਭਾਰੀ ਸੰਭਾਵਨਾਵਾਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਵੱਲੋਂ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਭਾਰਤ ਤੇ ਵਿਦੇਸ਼ ਵਿਚਲੇ ਸਾਰੇ ਚਾਹਵਾਨ ਭਾਈਵਾਲਾਂ ਤੇ ਨਿਵੇਸ਼ਕਾਰਾਂ ਨਾਲ ਨੇੜੇ ਦਾ ਸੰਪਰਕ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਸਾਇੰਸ, ਬਾਇਓ-ਤਕਨੀਕ, ਸਾਫ ਊਰਜਾ, ਮੱਛੀ ਪਾਲਣ ਤੇ ਸਿਹਤ ਦੇ ਖੇਤਰ ਵਿਚ ਸਾਂਝੀਆਂ ਕੋਸ਼ਿਸ਼ਾਂ ਦਾ ਘੇਰਾ ਵਧਾਉਣ ‘ਚ ਦਿਲਚਸਪੀ ਰੱਖਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ਼ ਹੈ ਕਿ ਜੋ ਦੁਪਾਸੜ ਸਮਝੌਤੇ ਅਸੀਂ ਕੀਤੇ ਹਨ, ਉਨ੍ਹਾਂ ਨਾਲ ਬਹੁਤ ਸਾਰੇ ਖੇਤਰਾਂ ਵਿਚ ਫਾਇਦੇ ਦੇ ਹੋਰ ਰਾਹ ਖੁਲ੍ਹਣਗੇ। ਮੁੱਖਰਜੀ ਨੇ ਅਮਨ ਤੇ ਵਿਕਾਸ ਦੀਆਂ ਕੌਮਾਂਤਰੀ ਕੋਸ਼ਿਸ਼ਾਂ ’ਚ ਨਾਰਵੇ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ।