ਨਵੀਂ ਦਿੱਲੀ, 14 ਅਕਤੂਬਰ (ਪੀ. ਟੀ.)- ਧੋਲਾਧੂੰਆਂ ਸਮੂਹਿਕ ਜਬਰ ਜਨਾਹ ਮਾਮਲੇ ਵਿੱਚ ਦਵਾਰਕਾ ਫਾਸਟ ਟ੍ਰੈਕ ਕੋਰਟ ਨੇ ਸਾਰੇ 5 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਇਨ੍ਹਾਂ ਦੋਸ਼ੀਆਂ ਨੂੰ 17 ਅਕਤੂਬਰ ਨੂੰ ਸਜ਼ਾ ਸੁਣਾਏਗੀ।ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਦੋਨਾਂ ਪੱਖਾਂ ਵੱਲੋਂ ਬਹਿਸ 8 ਸਤੰਬਰ ਨੂੰ ਪੂਰੀ ਹੋ ਚੁੱਕੀ ਸੀ। ਜੱਜ ਨੇ ਇਸ ਦੇ ਬਾਅਦ 22 ਸਤੰਬਰ ਤੱਕ ਲਈ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਪਰ 22 ਸਤੰਬਰ ਨੂੰ ਜਦ ਇਸ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਦ ਉਸਮਾਨ ਉਰਫ ਕਾਲੇ ਵੱਲੋਂ ਲੜ ਰਹੇ ਵਕੀਲ ਅਮਿਤ ਸ੍ਰੀਵਾਸਤਵ ਅਦਾਲਤ ਸਾਹਮਣੇ ਲਿਖਤ ਰੂਪ ਵਿੱਚ ਸਬੂਤਾਂ ਨਾਲ ਛੇੜਛਾੜ ਦੀ ਗੱਲਬਾਤ ਆਖੀ ਜਿਸ ਦੇ ਬਾਅਦ ਫੈਸਲੇ ਨੂੰ ਟਾਲ ਦਿੱਤਾ ਗਿਆ ਸੀ। ਇਸ ਤੋਂ ਬਾਅਦ 24 ਸਤੰਬਰ ਨੂੰ ਇਸਤਗਾਸਾ ਪੱਖ ਦੇ ਵਕੀਲ ਸਤਵਿੰਦਰ ਕੌਰ ਨੇ ਸਬੂਤਾਂ ਨਾਲ ਛੇੜਛਾੜ ਕੀਤੇ ਜਾਣ ਦੀ ਗੱਲ ਨੂੰ ਬੇਬੁਨਿਆਦ ਕਰਾਰ ਦਿੰਦੇ ਹੋਏ ਕਿਹਾ ਕਿ ਸਬੂਤਾਂ ਦੇ ਨਾਲ ਕਿਸੇ ਵੀ ਪੱਧਰ
’ਤੇ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ। ਦੋਨੋਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਇਸ ਸਬੰਧ ਵਿੱਚ 10 ਅਕਤੂਬਰ ਤੱਕ ਦੇ ਲਈ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਪਰ 10 ਅਕਤੂਬਰ ਨੂੰ ਜੱਜ ਨੇ ਇਹ ਕਹਿੰਦੇ ਹੋਏ ਇੱਕ ਵਾਰ ਫਿਰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਕਿ ਛੁੱਟੀਆਂ ਦੇ ਕਾਰਣ ਹਾਲੇ ਤੱਕ ਇਸ ਫੈਸਲੇ ਨੂੰ ਪੂਰੀ ਤਰ੍ਹਾਂ ਲਿਖਿਆ ਨਹੀਂ ਜਾ ਸਕਿਆ ਹੈ। ਇਸ ਮਾਮਲੇ ਵਿੱਚ 24 ਨਵੰਬਰ 2010 ਨੂੰ ਮੂਲ ਰੂਪ ਵਿੱਚ ਪੂਰਵਉੱਤਰ ਰਾਜ ਦੀ ਰਹਿਣ ਵਾਲੀ ਅਤੇ 30 ਸਾਲਾ ਬੀਪੀਓ ਮੁਲਾਜ਼ਮ ਮਹਿਲਾ ਨੂੰ ਧੋਲਾਧੂੰਆਂ ਇਲਾਕੇ ਵਿੱਚ ਉਸ ਵੇਲੇ ਅਗਵਾ ਕਰ ਲਿਆ ਗਿਆ ਸੀ ਜਦ ਉਹ ਬੀਪੀਓ ਦੀ ਗੱਡੀ ’ਚੋਂ ਉਤਰ ਕੇ ਆਪਣੀ ਸਹੇਲੀ ਦੇ ਨਾਲ ਘਰ ਵੱਲ ਜਾ ਰਹੀ ਸੀ। ਦੋਸ਼ੀ ਉਸ ਨੂੰ ਅਗਵਾ ਕਰਕੇ ਮੰਗੋਲਪੁਰੀ ਲੈ ਗਏ ਜਿੱਥੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ।