May 28, 2026 10:18 pm

ਸੰਯੁਕਤ ਰਾਸ਼ਟਰ ਵੱਲੋਂ ਪਾਕਿਸਤਾਨ ਨੂੰ ਝਟਕਾ ਕਸ਼ਮੀਰ ਮਾਮਲੇ ’ਤੇ ਦਖ਼ਲ ਦੇਣ ਤੋਂ ਇਨਕਾਰ

ਭਾਰਤ-ਪਾਕਿ ਨੂੰ ਮਸਲੇ ਦਾ ਹੱਲ ਗੱਲਬਾਤ ਰਾਹੀਂ ਕਰਨ ਦੀ ਸਲਾਹ
Page-1_10 ਸੰਯੁਕਤ ਰਾਸ਼ਟਰ, 14 ਅਕਤੂਬਰ (ਪੀ. ਟੀ. ਲਾਇਵ)- ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਤੋਂ ਵੱਡਾ ਝਟਕਾ ਲੱਗਾ ਹੈ। ਸੰਯੁਕਤ ਰਾਸ਼ਟਰ ਨੇ ਕਸ਼ਮੀਰ ਮਸਲੇ ‘ਤੇ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਕਸ਼ਮੀਰ ਮਸਲੇ ‘ਤੇ ਦਖ਼ਲ ਦੇਣ ਦੀ ਮੰਗ ਕੀਤੀ ਸੀ ਪਰੰਤੂ ਸੰਯੁਕਤ ਰਾਸ਼ਟਰ ਨੇ ਸਾਫ਼ ਤੌਰ ‘ਤੇ ਇਸ ਮਸਲੇ ‘ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਕਸ਼ਮੀਰ ਮਸਲੇ ਨੂੰ ਗੱਲਬਾਤ ਜਰੀਏ ਹੀ ਹੱਲ ਕਰਨ। ਸੰਯੁਕਤ ਰਾਸ਼ਟਰ ਵਲੋਂ ਕਿਹਾ ਗਿਆ ਹੈ ਕਿ ਇਹ ਦੋਵਾਂ ਦੇਸ਼ਾਂ ਦਾ ਆਪਸੀ ਮਾਮਲਾ ਹੈ, ਇਸ ‘ਤੇ ਉਸ ਦੀ ਦਖ਼ਲ ਅੰਦਾਜ਼ੀ ਠੀਕ ਨਹੀਂ ਹੈ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾ ਕਸ਼ਮੀਰ ਮੁੱਦੇ ਨੂੰ ਲੈ ਕੇ

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦਾ ਦਰਵਾਜ਼ਾ ਖੜਕਾਇਆ ਸੀ। ਸਰਹੱਦ ‘ਤੇ ਗੋਲੀਬਾਰੀ ਨੂੰ ਲੈ ਕੇ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਬਾਨ ਕੀ ਮੂਨ ਨੂੰ ਪੱਤਰ ਲਿਖਿਆ ਸੀ ਕਿ ਉਹ ਕਸ਼ਮੀਰ ਮਾਮਲੇ ‘ਚ ਦਖ਼ਲ ਦੇਣ। ਰਾਸ਼ਟਰੀ ਸੁਰੱਖਿਆ ਤੇ ਵਿਦੇਸ਼ ਮਾਮਲਿਆਂ ‘ਚ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ਼ ਅਜ਼ੀਜ਼ ਨੇ ਸਨਿੱਚਰਵਾਰ ਨੂੰ ਲਿਖੀ ਚਿੱਠੀ ‘ਚ ਐਲ.ਓ.ਸੀ. ‘ਤੇ ਹੋ ਰਹੀ ਗੋਲੀਬਾਰੀ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਸੀ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅਮਰੀਕੀ ਸੈਨੇਟਰਾਂ ਨਾਲ ਮੁਲਾਕਾਤ ਦੌਰਾਨ ਸੋਮਵਾਰ ਨੂੰ ਕਸ਼ਮੀਰ ਦਾ ਮਸਲਾ ਉਠਾਇਆ ਅਤੇ ਕਿਹਾ ਕਿ ਇਸ ਦਾ ਹੱਲ ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ ਤਹਿਤ ਹੋਣਾ ਚਾਹੀਦਾ ਹੈ।

Send this to a friend