ਨਵੀਂ ਦਿੱਲੀ, 13 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਨ ਦੇ ਨਾਲ ਜੁੜੇ ਘਟਨਾਕ੍ਰਮ ਵਿੱਚ ਕਾਂਗਰਸ ਪਾਰਟੀ ਨੇ ਅੱਜ ਸ਼ਸ਼ੀ ਥਰੂਰ ਨੂੰ ਪਾਰਟੀ ਦੇ ਬੁਲਾਰੇ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਸ੍ਰੀ ਮੋਦੀ ਦੀ ਤਾਰੀਫ ਕਰਨ ਨਾਲ ਕਾਂਗਰਸ ਦੀ ਕੇਰਲਾ ਇਕਾਈ ਅਸਹਿਜ ਹੋ ਗਈ ਸੀ। ਕਾਂਗਰਸ ਦੇ ਜਨਰਲ ਸਕੱਤਰ ਜਨਾਰਦਨ ਦਿਵੇਦੀ ਨੇ ਇੱਕ ਬਿਆਨ ਵਿੱਚ ਕਿਹਾ ‘ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪਾਰਟੀ ਦੀ ਅਨੁਸ਼ਾਸਨ ਕਮੇਟੀ ਦੀ ਉਸ ਸਿਫਾਰਸ਼ ਨੂੰ ਮਨਜ਼ੂਰ ਕਰ ਲਿਆ ਹੈ ਜਿਸ ਵਿੱਚ ਸ਼ਸ਼ੀ ਥਰੂਰ ਨੂੰ ਕੁਲ ਹਿੰਦ ਕਾਂਗਰਸ ਕਮੇਟੀ ਦੇ ਬੁਲਾਰਿਆਂ ਦੀ ਸੂਚੀ ’ਚੋਂ ਤਤਕਾਲ ਪ੍ਰਭਾਵ ਨਾਲ ਹਟਾਉਣ ਦੀ ਮੰਗ ਕੀਤੀ ਗਈ ਸੀ।’ ਉਨ੍ਹਾਂ ਕਿਹਾ ‘ਕੇਰਲਾ ਪ੍ਰਦੇਸ਼ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਦੇ ਕੋਲ ਇਸ ਸਬੰਧ ਵਿੱਚ ਸ਼ਿਕਾਇਤ ਕੀਤੀ ਗਈ ਸੀ।’