ਸੀਵਾਨ (ਗੂਹਲਾ) , 11 ਅਕਤੂਬਰ (ਨਾਗਪਾਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ੍ਰੀ ਓਮ ਪ੍ਰਕਾਸ਼ ਚੌਟਾਲਾ ਨੂੰ ਵਿਰੋਧੀ ਪਾਰਟੀਆਂ ਵਲੋਂ ਦੁਬਾਰਾ ਜੇਲ੍ਹ ਭਿਜਵਾਏ ਜਾਣ ਨਾਲ ਪੂਰੇ ਹਰਿਆਣਾ ਵਿਚ ਇਨੈਲੋ ਤੇ ਅਕਾਲੀ ਦਲ ਦੇ ਹੱਕ ਵਿਚ ਲਹਿਰ ਉਠ ਖੜੀ ਹੈ ਤੇ ਗਠਜੋੜ ਆਪਣੇ ਮਿਸ਼ਨ 60 ਨੂੰ ਪਾਰ ਕਰਦਾ ਹੋਇਆ 70 ਸੀਟਾਂ ’ਤੇ ਜਿੱਤ ਪ੍ਰਾਪਤ ਕਰੇਗਾ। ਇਨੈਲੋ ਦੇ ਉਮੀਦਵਾਰ ਬੂੁਟਾ ਸਿੰਘ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਅਦਾਲਤ ਵਲੋਂ ਸ੍ਰੀ ਚੌਟਾਲਾ ਦੀ ਜਮਾਨਤ ਰੱਦ ਕਰਨ ਨਾਲ ਇਨੈਲੋ ਦੇ ਹੱਕ ਵਿਚ ਹਮਦਰਦੀ ਦੀ ਲਹਿਰ ਵੱਡੀ ਪੱਧਰ ’ਤੇ ਚੱਲੀ ਹੈ । ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਮੈਨੂੰ ਉਮੀਦ ਸੀ ਕਿ ਅਸੀਂ 60 ਸੀਟਾਂ ਜਿੱਤਣ ਵਿਚ ਕਾਮਯਾਬ
ਹੋਵਾਂਗੇ ਪਰ ਹੁਣ ਮੈਨੂੰ ਯਕੀਨ ਹੈ ਕਿ ਸਾਡਾ ਗਠਜੋੜ 70 ਸੀਟਾਂ ਜਿੱਤੇਗਾ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਚੌਟਾਲਾ ਪਰਿਵਾਰ ਨਾਲ ਹੋ ਰਹੇ ਅਨਿਆਂ ਦਾ ਬਦਲਾ ਲੈਣ ਲਈ ਉਤਾਵਲੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇਨੈਲੋ ਨਾਲ ਹਰ ਵਕਤ ਚੱਟਾਨ ਵਾਂਗ ਖੜ੍ਹਾ ਹੈ।
ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਤੇ ਸ੍ਰੀ ਓਮ ਪ੍ਰਕਾਸ਼ ਚੌਟਾਲਾ ਆਪਣੇ ਕਹਿਣੀ ਤੇ ਕਰਨੀ ਦੇ ਪੱਕੇ ਹਨ ਅਤੇ ਉਨ੍ਹਾਂ ਵਲੋਂ ਜੋ ਵੀ ਵਾਅਦੇ ਕੀਤੇ ਜਾਂਦੇ ਹਨ ਉਹ ਪੂਰੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਚੌਟਾਲਾ ਵਲੋਂ ਸ਼ੁਰੂ ਕੀਤੀਆਂ ਜਾਣ ਵਾਲੀਆਂ ਲੋਕ ਭਲਾਈ ਯੋਜਨਾਵਾਂ ਤੇ ਵਿਕਾਸ ਕੰਮ ਸੂਬੇ ਨੂੰ ਤਰੱਕੀ ਦੀਆਂ੍ਯ ਨਵੀਆਂ ਲੀਹਾਂ ’ਤੇ ਲੈ ਜਾਣਗੇ।
ਸ. ਬਾਦਲ ਨੇ ਸ੍ਰੀ ਹੁੱਡਾ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ’ਹਰਿਆਣਾ ਨੰਬਰ 1’ ਦਾ ਝੂਠਾ ਪ੍ਰਚਾਰ ਕਰਨ ’ਤੇ 200 ਕਰੋੜ ਰੁਪੈ ਖਰਚ ਕਰ ਦਿੱਤੇ ਹਨ ਜਦਕਿ ਇਹੀ ਰਕਮ ਪਿੰਡਾਂ ਦੀਆਂ ਸੜਕਾਂ ਤੇ ਸਿੰਚਾਈ ਲਈ ਨਾਲਿਆਂ ’ਤੇ ਖਰਚ ਕੀਤੀ ਜਾ ਸਕਦੀ ਸੀ। ਉਨ੍ਹਾਂ ਕਿਹਾ ਕਿ ਸ਼੍ਰੀ ਹੁੱਡਾ ਦਾ ਇਕਮਾਤਰ ਮਕਸਦ ਗਾਂਧੀ ਪਰਿਵਾਰ ਨੂੰ ਖੁਸ਼ ਰੱਖਣਾ ਸੀ ਤੇ ਉਨ੍ਹਾਂ ਨੇ 10 ਸਾਲ ਕਾਂਗਰਸ ਪ੍ਰਧਾਨ ਦੇ ਦਾਮਾਦ ਸ੍ਰੀ ਰਾਬਰਟ ਵਡੇਰਾ ਦੇ ਪ੍ਰਾਪਰਟੀ ਏਜੰਟ ਦੀ ਤਰ੍ਹਾਂ ਕੰਮ ਕੀਤਾ। ਉਨ੍ਹਾਂ ਹਰਿਆਣਾ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਵਿਕਾਸ ਤੇ ਲੋਕ ਭਲਾਈ ਲਈ ਇਨੈਲੋ ਤੇ ਅਕਾਲੀ ਦਲ ਦੇ ਗਠਜੋੜ ਨੂੰ ਵੋਟ ਪਾਉਣ। ਇਸ ਤੋਂ ਪਹਿਲਾਂ ਉਮੀਦਵਾਰ ਸ੍ਰੀ ਬੂਟਾ ਸਿੰਘ ਨੇ ਕਿਹਾ ਕਿ 15 ਅਕਤੂਬਰ ਨੂੰ ਵੋਟਾਂ ਰਾਹੀਂ ਲੋਕ ਸ੍ਰੀ ਚੌਟਾਲਾ ਦੀ ਰਿਹਾਈ ਲਈ ਜੇਲ੍ਹ ਦੇ ਤਾਲੇ ਖੋਲ ਦੇਣਗੇ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸ. ਸੁਰਜੀਤ ਸਿੰਘ ਰੱਖੜਾ ਵੀ ਹਾਜ਼ਰ ਸਨ।



