ਨਵੀਂ ਦਿੱਲੀ, 10 ਅਕਤੂਬਰ (ਪੀ. ਟੀ.)- ਸੁਪਰੀਮ ਕੋਰਟ ਨੇ ਅੱਜ ਏਅਰਸੈੱਲ ਮੈਕਸਿਸ ਸੌਦੇ ਦੇ ਮਾਮਲੇ ਵਿਚ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ ਚਿਦੰਬਰਮ ਕੋਲੋਂ ਪੁੱਛਗਿੱਛ ਨਾ ਕਰਨ ਲਈ ਸੀ.ਬੀ.ਆਈ ਦੀ ਖਿਚਾਈ ਕੀਤੀ ਹੈ। ਮੁੱਖ ਜੱਜ ਐਚ ਐਲ ਦੱਤੂ ਦੀ ਅਗਵਾਈ ਵਾਲੇ ਬੈਂਚ ਨੇ ਸੀ.ਬੀ.ਆਈ ਕੋਲੋਂ ਪੁੱਛਿਆ ਹੈ ਕਿ ਹੇਠਲੀ ਅਦਾਲਤ ਵਿਚ ਉਸ ਵੱਲੋਂ ਦਾਇਰ ਦੋਸ਼ ਪੱਤਰ ਵਿਚ ਨਾਂ ਸ਼ਾਮਿਲ ਕਰਨ ਦੇ ਬਾਵਜੂਦ ਚਿਦੰਬਰਮ ਕੋਲੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਗਈ। ਮਨੋਨੀਤ ਅਦਾਲਤ ਨੇ ਜਵਾਬ ਦੇਣ ਲਈ ਸੀ.ਬੀ.ਆਈ ਨੂੰ16 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਚਿਦੰਬਰਮ ਵਿਰੁੱਧ ਪਟੀਸ਼ਨ ਭਾਜਪਾ ਦੇ ਸੀਨੀਅਰ ਨੇਤਾ ਡਾ ਸੁਬਰਾਮਨੀਅਮ ਸਵਾਮੀ ਵੱਲੋਂ ਦਾਇਰ ਕੀਤੀ ਗਈ ਹੈ। ਇਸ ਮਾਮਲੇ ਵਿਚ ਸਾਬਕਾ ਟੈਲੀਕਾਮ ਮੰਤਰੀ ਦਯਾਨਿਧੀ ਮਾਰਨ ਤੇ ਉਸ ਦੇ ਭਰਾ ਕਾਲਾਨਿਧੀ ਮਾਰਨ ਨੂੰ ਏਅਰਸੈੱਲ ਦੇ ਮਾਲਕ ਸੀ. ਸ਼ਿਵਾ ਸ਼ੰਕਰਨ ਨੂੰ ਆਪਣੀ ਕੰਪਨੀ ਉਸ ਕੰਪਨੀ ਨੂੰ ਵੇਚਣ ਲਈ ਮਜਬੂਰ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕੰਪਨੀ ਵਿਚ ਮਾਰਨ ਦੇ ਪਰਿਵਾਰਕ ਮੈਂਬਰਾਂ ਦਾ ਹਿੱਸਾ ਸੀ। ਉੱਧਰ ਇਨਫੋਰਸਮੈਂਟ ਡਾਇਰੈਕਟੋਰੇਟ ਮਾਰਨ ਭਰਾਵਾਂ ਦੀ 700 ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਨ ਦੀ ਤਿਆਰੀ ਵਿਚ ਹੈ।



