ਜੰਮੂ, 10 ਅਕਤੂਬਰ (ਪੀ. ਟੀ.)- ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਜ਼ਦੀਕ ਜੰਗਬੰਦੀ ਦੀ ਉਲੰਘਣਾ ਨੂੰ ਲੈ ਕੇ ਭਾਰਤ ਦੀ ਸਖਤੀ ਤੋਂ ਬਾਅਦ ਬੀਤੀ ਰਾਤ ਸਰਹੱਦ ’ਤੇ ਗੋਲੀਬਾਰੀ ਨਹੀਂ ਹੋਈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ‘ਚ ਅੰਤਰਰਾਸ਼ਟਰੀ ਸਰਹੱਦ ਅਤੇ ਕੰਟਰੋਲ ਰੇਖਾ ਦੇ ਨਜ਼ਦੀਕ ਗੋਲੀਬਾਰੀ ਨਹੀਂ ਹੋਈ। ਵੀਰਵਾਰ ਰਾਤ ਸਾਢੇ ਅੱਠ ਵਜੇ ਤੋਂ ਬਾਅਦ ਸਰਹੱਦ ‘ਤੇ ਗੋਲੀਬਾਰੀ ਦੀ ਕੋਈ ਘਟਨਾ ਨਹੀਂ ਹੋਈ ਹੈ। ਕਰੀਬ ਪੰਜ ਦਿਨ ਤੋਂ ਬਾਅਦ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲੀਬਾਰੀ ਰੁਕੀ ਹੈ। ਉਥੇ ਗ੍ਰਹਿ ਮੰਤਰਾਲਾ ਨੇ ਬੀ.ਐਸ.ਐਫ. ਨੂੰ ਸਿਰਫ ਜਵਾਬੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਿਰੰਤਰ ਗੋਲੀਬਾਰੀ ਹੋਣ ਕਾਰਨ ਸਰਹੱਦੀ ਇਲਾਕਿਆਂ ’ਚ ਅਜੇ ਵੀ ਦਹਿਸ਼ਤ
ਹੈ।ਇਸਲਾਮਾਬਾਦ- ਜੰਮੂ ਕਸ਼ਮੀਰ ਕੌਮਾਂਤਰੀ ਸਰਹੱਦ ‘ਤੇ ਪੈਦਾ ਹੋਏ ਤਣਾਅ ਦੌਰਾਨ ਭਾਰਤ ਵੱਲੋਂ ਦਿੱਤੇ ਗਏ ਮੂੰਹ ਤੋੜ ਜਵਾਬ ਦੇ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਸਰਹੱਦ ‘ਤੇ ਗੋਲੀਬਾਰੀ ਤੁਰੰਤ ਰੋਕੀ ਜਾਵੇ। ਅਖ਼ਬਾਰ ‘ਡਾਨ‘ ਦੀ ਰਿਪੋਰਟ ਅਨੁਸਾਰ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਭਾਰਤ ਨੂੰ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਦਾ ਸਨਮਾਨ ਅਤੇ ਪਕੇਰੀ ਸ਼ਾਂਤੀ ਲਈ ਗੋਲਾਬਾਰੀ ਨੂੰ ਬੰਦ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਸ਼ਰੀਫ਼ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਇਕ ਉੱਚ-ਪੱਧਰੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ ਜਿਸ ਵਿਚ ਚੋਣਵੇਂ ਕੈਬਨਿਟ ਮੈਂਬਰ, ਜਾਇੰਟ ਚੀਫ਼ਸ ਆਫ਼ ਸਟਾਫ ਕਮੇਟੀ, ਤਿੰਨਾਂ ਸੈਨਾਵਾਂ ਅਤੇ ਆਈ.ਐਸ.ਆਈ. ਦੇ ਮੁਖੀ ਹਾਜ਼ਰ ਸਨ। ਮੀਟਿੰਗ ਵਿਚ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਦੀ ਸ਼ਾਂਤੀ ਸਬੰਧੀ ਦੀ ਇੱਛਾ ਨੂੰ ਗਲਤ ਨਹੀਂ ਸਮਝਣਾ ਚਾਹੀਦਾ। ਮੀਟਿੰਗ ਵਿਚ ਸਰਹੱਦ ’ਤੇ ਪੈਦਾ ਹੋਏ ਤਣਾਅ ਅਤੇ ਦੇਸ਼ ਦੀ ਸੁਰੱਖਿਆ ਬਾਰੇ ਸਮੁੱਚੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।



