ਸ੍ਰੀਨਗਰ/ਪਟਿਆਲਾ, 10 ਅਕਤੂਬਰ (ਪੀ. ਟੀ.)- ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ 5 ਟਰਸੱਟੀਆਂ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਦੀ ਸੰਭਾਵੀ ਮਦਦ ਕਰਨ ਲਈ ਵਾਦੀ ਵਿਚ 2 ਦਿਨਾਂ ਦੌਰਾ ਕੀਤਾ।ਆਪਣੇ 2 ਦਿਨਾਂ ਦੌਰੇ ਦੀ ਰਿਪੋਰਟ ਜਾਰੀ ਕਰਦੇ ਹੋਏ ਮੈਨੇਜਿੰਗ ਟਰੱਸਟੀ ਸ. ਐੱਸ.ਪੀ. ਸਿੰਘ ਓਬਰਾਏ ਨੇ ਅੱਜ ਇਥੇ ਦਸਿਆ ਕਿ ਇਸ ਵਫਦ ਵਿਚ ਹੋਰਨਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਜਸਪਾਲ ਸਿੰਘ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਐੱਮ. ਐੱਸ. ਬੇਦੀ, ਪੰਜਾਬ ਪੁਲਿਸ ਦੇ ਸੀਨੀਅਰ ਪੁਲਿਸ ਅਧਿਕਾਰੀ ਸ. ਹਰਚਰਨ ਸਿੰਘ ਭੁੱਲਰ, ਗੁਰਜੀਤ ਸਿੰਘ ਓਬਰਾਏ, ਦਿੱਲੀ ਯੂਨਿਟ ਦੇ ਪ੍ਰਧਾਨ ਕੰਵਰਜੀਤ ਸਿੰਘ ਕੋਛੜ, ਮਹਾਰਾਸ਼ਟਰ ਦੇ ਸਾਬਕਾ ਡੀ.ਜੀ.ਪੀ. ਪੀ. ਐੱਸ
. ਪਸਰੀਚਾ, ਪੰਜਾਬ ਸਰਕਾਰ ਦੇ ਸੀਨੀਅਰ ਆਰਕੀਟੈਕਟ ਸੁਰਿੰਦਰ ਸਿੰਘ ਅਤੇ ਕੁਲਦੀਪ ਸਿੰਘ ਆਦਿ ਸ਼ਾਮਲ ਸਨ।ਸ. ਓਬਰਾਏ ਨੇ ਦਸਿਆ ਕਿ ਕਸ਼ਮੀਰ ਵਾਦੀ ਵਿਖੇ ਉਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਜਿਨ੍ਹਾਂ ਇਲਾਕਿਆਂ ਵਿਚ ਹਾਲਾਂ ਤਕ ਵੀ ਗਾਰ ਜੰਮੀ ਪਈ ਹੈ। ਉਨ੍ਹਾਂ ਦਸਿਆ ਕਿ ਲੋਕਾਂ ਦੇ ਘਰ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਮੁੜ ਵਸੇਬੇ ਲਈ ਹਾਲਾਂ ਤਕ ਕੋਈ ਵੀ ਨਹੀਂ ਬਹੁੜਿਆ। ਸ. ਓਬਰਾਏ ਨੇ ਦਸਿਆ ਕਿ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੜ੍ਹ ਪੀੜਤਾਂ ਲਈ ਪਿਛਲੇ ਇੱਕ ਮਹੀਨੇ ਤੋਂ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ ਅਤੇ ਇਸ ਦੀ ਨਿਰੰਤਰ ਸਪਲਾਈ ਅੱਜ ਤਕ ਵੀ ਜਾਰੀ ਹੈ। ਉਨ੍ਹਾਂ ਦਸਿਆ ਕਿ ਬੀਤੇ ਮੰਗਲਵਾਰ ਨੂੰ ਜਿਹੜੇ ਟਰੱਕ ਰਾਹਤ ਸਮੱਗਰੀ ਦੇ ਭੇਜੇ ਗਏ ਸਨ ਉਹ ਸ੍ਰੀਨਗਰ ਪੁਜ ਗਏ ਹਨ ਅਤੇ ਉਨ੍ਹਾਂ ਨੂੰ ਲੋੜਵੰਦਾਂ ਤਕ ਪਹੁੰਚਾ ਦਿੱਤਾ ਗਿਆ ਹੈ।
ਉਨ੍ਹਾਂ ਇਹ ਵੀ ਦਸਿਆ ਕਿ ਸਰਬੱਤ ਦਾ ਭਲਾ ਟਰਸਟ ਵੱਲੋਂ ਇੱਕ ਹੋਰ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਦੌਰਾਨ ਲ੍ਯੋੜਵੰਦਾਂ ਨੂੰ ਦਵਾਈਆਂ ਸਰਬੱਤ ਦਾ ਭਲਾ ਟਰਸਟ ਵੱਲੋਂ ਮੁਫਤ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਸ. ਓਬਰਾਏ ਨੇ ਦਸਿਆ ਕਿ 20 ਟਨ ਚਾਵਲਾਂ ਦੀਆਂ 800 ਬੋਰੀਆਂ ਹਰੇਕ ਪੱਚੀ ਕਿੱਲੋ ਵੀ ਵੰਡੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਸੈਂਕੜਿਆਂ ਦੀ ਤਾਦਾਦ ਵਿੱਚ ਗਰਮ ਜੈਕਟਾਂ, ਸੁਐਟਰ ਅਤੇ ਕੰਬਲ ਵੰਡੇ ਗਏ।



