ਵਾਸ਼ਿੰਗਟਨ, 9 ਅਕਤੂਬਰ (ਏਜੰਸੀ)- ਇਬੋਲਾ ਨਾਲ ਨਜਿੱਠਣ ਲਈ ਸੰਯੁਕਤ ਰਾਸ਼ਟਰ ਦੇ ਯਤਨਾਂ ‘ਚ ਆਰਥਿਕ ਮਦਦ ਦੇਣ ਵਾਲੇ ਪ੍ਰਮੁੱਖ ਪੰਜ ਦੇਸ਼ਾਂ ‘ਚ ਭਾਰਤ ਵੀ ਸ਼ਾਮਲ ਹੈ। ਅਮਰੀਕੀ ਵਿਦੇਸ਼ ਮੰਤਰੀ ਜਾਹਨ ਕੈਰੀ ਦੁਆਰਾ ਜਾਰੀ ਰਿਪੋਰਟ ਅਨੁਸਾਰ ਭਾਰਤ ਨੇ ਇਸ ਘਾਤਕ ਬਿਮਾਰੀ ਨਾਲ ਨਜਿੱਠਣ ਲਈ 1.25 ਕਰੋੜ ਡਾਲਰ ਦਾ ਯੋਗਦਾਨ ਦਿੱਤਾ ਹੈ। ਯੂ.ਐਨ. ਇਬੋਲਾ ਰਿਸਪਾਂਸ ਦੀ ਇਸ ਸੂਚੀ ‘ਚ ਅਮਰੀਕਾ 11.38 ਕਰੋੜ ਡਾਲਰ ਦੇ ਯੋਗਦਾਨ ਨਾਲ ਚੋਟੀ ‘ਤੇ ਹੈ। ਇਸ ਤੋਂ ਬਾਅਦ ਯੂਰਪੀ ਸੰਘ (5.55 ਕਰੋੜ ਡਾਲਰ), ਕੈਨੇਡਾ (3.19 ਕਰੋੜ ਡਾਲਰ), ਨੀਦਰਲੈਂਡ (2.1 ਕਰੋੜ ਡਾਲਰ ) ਤੇ ਭਾਰਤ (1.25 ਕਰੋੜ ਡਾਲਰ) ਦਾ ਨਾਮ ਹੈ। ਕੈਰੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਇਕ ਅਰਬ ਡਾਲਰ ਦੀ ਤਤਕਾਲ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ
ਕਿ ਵਿਸ਼ਵ ਬੈਂਕ ਨੇ 22 ਫ਼ੀਸਦੀ ਦਾ ਯੋਗਦਾਨ ਦਿੱਤਾ ਹੈ।
ਹਿਊਸਟਨ- ਇਸ ਦੌਰਾਨ ਖ਼ਬਰ ਆਈ ਹੈ ਕਿ ਪਿਛਲੇ ਮਹੀਨੇ ਅਮਰੀਕਾ ਦੇ ਟੈਕਸਾਸ ‘ਚ ਪਹੁੰਚਣ ਤੋਂ ਬਾਅਦ ਇਬੋਲਾ ਨਾਲ ਪ੍ਰਭਾਵਿਤ ਪਾਏ ਜਾਣ ਵਾਲੇ ਲਾਈਬੇਰੀਆ ਦੇ ਇਕ ਵਿਅਕਤੀ ਦੀ ਦੋ ਹਫ਼ਤਿਆਂ ਬਾਅਦ ਮੌਤ ਹੋ ਗਈ ਹੈ। ਥਾਮਸ ਏਰਿਕ ਡੰਕਨ (42) ਗੰਭੀਰ ਹਾਲਤ ‘ਚ ਸਾਹ ਪ੍ਰਣਾਲੀ ਦੇ ਭਰੋਸੇ ਜਿੰਦਾ ਸੀ। ਕਿਡਨੀ ਡਾਇਲੈਸਿਸ ਅਤੇ ਪ੍ਰਯੋਗਾਤਮਿਕ ਐਂਟੀਵਾਈਰਲ ਦਵਾਈ ਦੁਆਰਾ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ।


