ਹਿੰਡੋਨ, 8 ਅਕਤੂਬਰ (ਪੀ. ਟੀ.)- ਭਾਰਤੀ ਹਵਾਈ ਫੌਜ ਦੇ ਮੁਖੀ ਅਰੂਪ ਰਾਹਾ ਨੇ ਕੰਟਰੋਲ ਰੇਖਾ ‘ਤੇ ਜੰਗਬੰਦੀ ਦੀ ਉਲੰਘਣਾ ਨੂੰ ‘ਗੰਭੀਰ‘ ਮਾਮਲਾ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਇਸ ਸਮੱਸਿਆ ਦਾ ਜਲਦੀ ਹੱਲ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਅਜਿਹੀਆਂ ਘਟਨਾਵਾਂ ਵਾਰ-ਵਾਰ ਨਹੀਂ ਹੋਣੀਆਂ ਚਾਹੀਦੀਆਂ। ਸਰਕਾਰ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਸਮੱਸਿਆ ਦਾ ਛੇਤੀ ਹੱਲ ਨਿਕਲੇ। ਉਨ੍ਹਾਂ ਕਿਹਾ ਕਿ ਅਸੀਂ ਸ਼ਾਂਤੀ ਅਤੇ ਸਰਹੱਦ ‘ਤੇ ਆਮ ਹਾਲਾਤ ਚਾਹੁੰਦੇ ਹਾਂ। ਜੰਗਬੰਦੀ ਦੀ ਉਲੰਘਣਾ ਸਬੰਧੀ ਇਕ ਸਵਾਲ ਦਾ ਜਵਾਬ ਦਿੰਦਿਆਂ ਰਾਹਾ ਨੇ ਕਿਹਾ, ‘ਭਾਰਤ ਆਪਣੇ ਗੁਆਂਢੀਆਂ ਨਾਲ ਚੰਗੇ ਰਿਸ਼ਤੇ ਚਾਹੁੰਦਾ ਹੈ ਅਤੇ ਇਸ ਮਕਸਦ ਲਈ ਕਈ ਕਦਮ ਚੁੱਕੇ ਗਏ ਹਨ। ਸਾਡੀਆਂ ਸੁਰੱਖਿਆ ਏਜੰਸੀਆਂ ਬੀਤੇ ਦਿਨਾਂ ਵਿਚ ਵਾਪਰੀਆਂ
ਘਟਨਾਵਾਂ ਤੋਂ ਚਿੰਤਤ ਹਨ ਅਤੇ ਅਸੀਂ ਇਨ੍ਹਾਂ ਦਾ ਜਲਦੀ ਹੱਲ ਚਾਹੁੰਦੇ ਹਾਂ। ਸਰਕਾਰ ਵੱਲੋਂ ਦਿੱਤੀਆਂ ਹਿਦਾਇਤਾਂ ਬਾਰੇ ਪੁੱਛਣ ‘ਤੇ ਹਵਾਈ ਫ਼ੌਜ ਦੇ ਮੁਖੀ ਨੇ ਕਿਹਾ,‘ਹਿਦਾਇਤਾਂ ਬਹੁਤ ਸਧਾਰਨ ਹਨ ਕਿ ਅਸੀਂ ਇਸ ਮਾਮਲੇ ਦਾ ਜਿੰਨੀ ਛੇਤੀ ਹੋ ਸਕੇ ਨਿਪਟਾਰਾ ਚਾਹੁੰਦੇ ਹਾਂ।‘


