ਨਵੀ ਦਿੱਲੀ, 7 ਅਕਤੂਬਰ (ਪੀ. ਟੀ.)- ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੱਕ ਵਾਰੀ ਫਿਰ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਆਹੁਦੇਦਾਰਾਂ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਦਿੱਲੀ ਕਮੇਟੀ ਨੇ ਪਿਛਲੇ ਪੌਣੇ ਦੋ ਸਾਲਾ ਦੇ ਅਰਸੇ ਦੌਰਾਨ ਦਿੱਲੀ ਕਮੇਟੀ ਦੀ ਪ੍ਰੈਸ ਵਿੱਚ ਇੱਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਛਪਾਈ ਨਹੀ ਕੀਤੀ ਸਗੋ ਸਰੂਪ ਸ਼੍ਰੋਮਣੀ ਕਮੇਟੀ ਕੋਲੋ ਲੈ ਜਾ ਰਹੇ ਹਨ ਅਤੇ ਅਜਿਹੇ ਹਾਲਾਤਾਂ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਪ੍ਰੈਸ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣ ਦਾ ਫੈਸਲਾ ਕਰਕੇ ਦਿੱਲੀ ਕਮੇਟੀ ਨੇ ਕੋਈ ਸੇਵਾ ਕਰਨ ਦਾ ਨਹੀ ਸਗੋ ਗੁਰੂ ਦੀ ਗੋਲਕ ਨੂੰ ਲੁੱਟਣ ਦਾ ਇੱਕ ਹੋਰ ਮਨਸੂਬਾ ਬਣਾਇਆ ਹੈ। ਜਾਰੀ ਇੱਕ ਬਿਆਨ ਰਾਹੀ ਸ੍ਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ
ਦਿੱਲੀ ਕਮੇਟੀ ਦੇ ਹਾਊਸ ਦਾ ਮੈਂਬਰ ਤਾਂ ਜਰੂਰ ਹੁੰਦਾ ਹੈ ਪਰ ਉਸ ਨੂੰ ਵੋਟ ਪਾਉਣ ਦਾ ਕੋਈ ਅਧਿਕਾਰ ਨਹੀ ਹੁੰਦਾ ਸਗੋ ਸਿਰਫ ਉਹ ਸਤਿਕਾਰਤ ਮੈਂਬਰ ਹੀ ਮੰਨਿਆ ਜਾਂਦਾ ਹੈ। ਉਹਨਾਂ ਕਿਹਾ ਕਿ ਗੁਰੂਦੁਆਰਾ ਐਕਟ ਦੇ ਮੁਤਾਬਕ ਜਥੇਦਾਰ ਅਕਾਲ ਤਖਤ ਮੀਟਿੰਗ ਦੀ ਪ੍ਰਧਾਨਗੀ ਨਹੀ ਕਰ ਸਕਦਾ ਸਗੋ ਮੀਟਿੰਗ ਦੀ ਪ੍ਰਧਾਨਗੀ ਕਮੇਟੀ ਦਾ ਪ੍ਰਧਾਨ ਜਾਂ ਉਸ ਦੀ ਗੈਰ ਹਾਜ਼ਰੀ ਵਿੱਚ ਉਸ ਵੱਲੋ ਨਿਯੁਕਤ ਕੀਤਾ ਗਿਆ ਅਧਿਕਾਰਤ ਕਮੇਟੀ ਦਾ ਆਹੁਦੇਦਾਰ ਹੀ ਕਰ ਸਕਦਾ ਹੈ।
ਉਹਨਾਂ ਕਿਹਾ ਕਿ ਦਿੱਲੀ ਕਮੇਟੀ ਵੱਲੋ ਇਹ ਐਲਾਨ ਕਰਨਾ ਕਿ ਉਹ ਵਿਦੇਸ਼ਾਂ ਵਿੱਚ ਪ੍ਰਿੰਟਿੰਗ ਪ੍ਰੈਸ ਲਗਾ ਕੇ ਸ੍ਰੀ ਗੁਰ ਗ੍ਰੰਥ ਸਾਹਿਬ ਦੀ ਦੇ ਪਵਿੱਤਰ ਸਰੂਪ ਛਾਪੇਗੀ ਜਦ ਕਿ ਇਸ ਵੇਲੇ ਦਿੱਲੀ ਕਮੇਟੀ ਦੀ ਆਪਣੀ ਪ੍ਰੈਸ ਵਿੱਚ ਹੋਰ ਇਸ਼ਤਿਹਾਰ ਜਾਂ ਗੁਟਕੇ ਤਾਂ ਛਾਪੇ ਜਾ ਰਹੇ ਹਨ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਛਲੇ ਪੌਣੇ ਦੋ ਸਾਲਾਂ ਦੇ ਅਰਸੇ ਦੌਰਾਨ ਇੱਕ ਵੀ ਨਹੀ ਛਾਪਿਆ ਗਿਆ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਮੌਜੂਦਾ ਆਹੁਦੇਦਾਰਾਂ ਵੱਲੋ ਵਿਦੇਸ਼ਾਂ ਵਿੱਚ ਪ੍ਰਿੰਟਿੰਗ ਪ੍ਰੈਸ ਲਗਾ ਕੇ ਸਰੂਪ ਛਾਪਣ ਦੇ ਪਾਸ ਕੀਤੇ ਗਏ ਮਤੇ ਦੇ ਮਨਸੂਬੇ ਨੂੰ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਵੇਲੇ ਹੀ ਫੇਲ ਕਰ ਦਿੱਤਾ ਜਦੋਂ ਉਹਨਾਂ ਕਿਹਾ ਕਿ ਸਰੂਪ ਛਾਪਣ ਲਈ ਕੋਈ ਵੀ ਨਵੀ ਪਿੰ੍ਰਟਿੰਗ ਪ੍ਰੈਸ ਲਗਾਉਣ ਲਈ ਪਹਿਲਾਂ ਅਕਾਲ ਤਖਤ ਸਾਹਿਬ ਤੋ ਮਨਜੂਰੀ ਲੈਣੀ ਜਰੂਰੀ ਹੈ ਅਤੇ ਸ਼੍ਰੋਮਣੀ ਕਮੇਟੀ ਪਹਿਲਾਂ ਹੀ ਅਮਰੀਕਾ ਤੇ ਕਨੇਡਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਮੰਗ ਮੁਤਾਬਕ ਗੁਰੂਦੁਆਰਿਆ ਵਿੱਚ ਪਹੁੰਚਾਉਣ ਲਈ ਅਮਰੀਕਾ ਵਿੱਚ ਪ੍ਰਿੰਟਿੰਗ ਪ੍ਰੈਸ ਲਗਾਉਣ ਜਾ ਰਹੀ ਹੈ ਇਸ ਲਈ ਦਿੱਲੀ ਕਮੇਟੀ ਨੂੰ ਇਹਨਾਂ ਦੇਸ਼ਾਂ ਵਿੱਚ ਪ੍ਰੈਸ ਲਗਾਉਣ ਦਾ ਖਿਆਲ ਤਿਆਗ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕਾਂ ਨੇ ਪਿਛਲੇ ਕਰੀਬ ਪੌਣੇ ਦੋ ਸਾਲਾਂ ਦੇ ਅਰਸੇ ਦੌਰਾਨ ਕੋਈ ਅਜਿਹਾ ਕਾਰਜ ਨਹੀ ਕੀਤਾ ਜਿਸ ਨਾਲ ਗੁਰੂ ਘਰ ਦਾ ਕੋਈ ਫਾਇਦਾ ਹੋਇਆ ਹੋਵੇ ਸਗੋ ਗੁਰੂ ਦੀ ਗੋਲਕ ਵਿੱਚੋ ਲੱਖਾਂ ਰੁਪਏ ਮਾਇਆ ਖਰਚ ਕਰਕੇ ਵਿਦੇਸ਼ਾਂ ਦੀਆ ਸੈਰਾਂ ਕੀਤੀਆ ਤੇ ਹੁਣ ਫਿਰ ਪ੍ਰੈਸ ਲਗਾਉਣ ਦੇ ਬਹਾਨੇ ਇੱਕ ਵਾਰੀ ਫਿਰ ਗੁਰੂ ਕੀ ਗੋਲਕ ਨੂੰ ਲੁੱਟਣ ਦੇ ਮਨਸੂਬੇ ਬਣਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਤੋ ਪਹਿਲਾਂ ਇਹਨਾਂ ਨੇ ਉਤਰਾਖੰਡ ਦੀ ਤਰਾਸਦੀ ਤੇ ਹੁਣ ਜੰਮੂ ਕਸ਼ਮੀਰ ਵਿੱਚ ਆਏ ਹੜ• ਪ੍ਰਭਾਵਤ ਲੋਕਾਂ ਦੀ ਮਦਦ ਦੇ ਬਹਾਨੇ ਗੋਲਕ ਨੂੰ ਰੱਜ ਕੇ ਲੁੱਟਿਆ ਹੈ। ਉਹਨਾਂ ਕਿਹਾ ਕਿ ਕਸ਼ਮੀਰ ਵਿੱਚ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵੀ ਗਿਆ ਸੀ ਪਰ ਉਸ ਨੇ ਕੋਈ ਵਿਸ਼ੇਸ਼ ਜਹਾਜ ਨਹੀ ਲਿਆ ਪਰ ਦਿੱਲੀ ਕਮੇਟੀ ਵਾਲੇ ਤਾਂ ਸਪੈਸ਼ਲ ਚਾਰਟਰ ਜਹਾਜ ਲੈ ਕੇ ਗਏ ਸਨ ਤੇ ਇਸ ਜਹਾਜ ਦਾ ਖਰਚਾ ਵੀ ਗੁਰੂ ਦੀ ਗੋਲਕ ਵਿੱਚੋ ਹੀ ਕੀਤਾ ਗਿਆ ਜੋ ਗੋਲਕ ਤੇ ਬੇਲੋੜਾ ਬੋਝ ਪਾਇਆ ਗਿਆ ਹੈ। ਦਿੱਲੀ ਕਮੇਟੀ ਤੇ ਐਨ.ਡੀ.ਐਮ.ਸੀ ਵਿਚਕਾਰ ਗੁਰੂਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਨੂੰ ਲੈ ਕੇ ਕੀਤੇ ਗਏ ਸਮਝੌਤੇ ਨੂੰ ਦਿੱਲੀ ਕਮੇਟੀ ਦੀ ਮੀਟਿੰਗ ਵਿੱਚ ਰੱਦ ਕਰਨ ਦੇ ਪਾਸ ਕੀਤੇ ਗਏ ਮਤੇ ਬਾਰੇ ਵੀ ਉਹਨਾਂ ਸ਼ੰਕਾ ਪ੍ਰਗਟ ਕਰਦਿਆ ਕਿਹਾ ਕਿ ਦਿੱਲੀ ਕਮੇਟੀ ਕਿਸੇ ਸਾਜਿਸ਼ ਤਹਿਤ ਬੰਗਲਾ ਸਾਹਿਬ ਦੀ ਪਾਰਕਿੰਗ ਐਨ.ਡੀ.ਐਮ ਸੀ ਨੂੰ ਸੋਪਣਾ ਚਾਹੁੰਦੀ ਹੈ ਪਰ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹਾ ਨਹੀ ਹੋਣ ਦੇਵੇਗਾ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਤੇ ਐਨ.ਡੀ.ਐਮ ਸੀ ਵਿਚਕਾਰ ਸਮਝੌਤੇ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ 25 ਸਾਲਾ ਬਾਅਦ ਦੋਵੇ ਧਿਰਾਂ ਫਿਰ ਬੈਠ ਕੇ ਪਾਰਕਿੰਗ ਦੀ ਲੀਜ ਵਧਾ ਦੇਣਗੇ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਜੇਕਰ ਵਾਕਿਆ ਹੀ ਪਾਰਕਿੰਗ ਨੂੰ ਗੁਰੂਦੁਆਰਾ ਸਾਹਿਬ ਦੀ ਜਾਇਦਾਦ ਦਾ ਪੱਕੇ ਤੌਰ ਤੇ ਹਿੱਸਾ ਬਣਾਉਣਾ ਚਾਹੁੰਦੀ ਹੈ ਤਾਂ ਪਹਿਲਾਂ ਇਸ ਪਾਰਕਿੰਗ ਨੂੰ ਆਪਣੀ ਮਲਕੀਅਤੀ ਬਣਾਉਣ ਲਈ ਉਪਰਾਲੇ ਕਰੇ, ਨਿਰਾ ਹਵਾਈ ਕਿਲੇ ਉਸਾਰ ਕੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਨਾ ਕਰੇ।



