ਮਹਿੰਦਰਗੜ੍ਹ, 8 ਅਕਤੂਬਰ (ਨਾਗਪਾਲ)- ‘ਸਕੈਮ ਹਰਿਆਣਾ’ ਨੂੰ ‘ਸਕਿੱਲ ਹਰਿਆਣਾ’ ਵਿਚ ਬਦਲਣ ਦਾ ਵਾਅਦਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੂਬੇ ਦੇ ਲੋਕਾਂ ਨੂੰ ਸਪੱਸ਼ਟ ਬਹੁਮਤ ਵਾਲੀ ਭਾਜਪਾ ਸਰਕਾਰ ਚੁਣਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਹ ਕੇਂਦਰ ਨਾਲ ਸੂਬੇ ਦੇ ਸੰਬੰਧਾਂ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ ਤਾਂ ਕਿ ਉਸ ਦੀ ਕਿਸਮਤ ਨੂੰ ਬਦਲਿਆ ਜਾ ਸਕੇ। ਮੋਦੀ ਨੇ ਇਥੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਮੈਂ ਜਾਣਦਾ ਹਾਂ ਕਿ ਤੁਸੀਂ ਇਸ ਗੱਲ ਤੋਂ ਦੁਖੀ ਹੋ ਕਿ ਹਰਿਆਣਾ ਨੂੰ ਘਪਲਿਆਂ ਦੇ ਸੂਬੇ ਦੇ ਰੂਪ ਵਿਚ ਜਾਣਿਆ ਜਾਣ ਲੱਗਾ ਹੈ। ਇਥੇ ਘਪਲੇ ਹਨ, ਘਪਲਿਆਂ ਦੇ ਅੰਦਰ ਵੀ ਘਪਲੇ ਹਨ। ਸਾਡੇ ਵਿਰੋਧੀ ਸਾਰੇ ਘਪਲਿਆਂ ਵਿਚ ਸ਼ਾਮਲ ਹਨ। ਕੀ ਤੁਸੀਂ ਘਪਲਿਆਂ ਵਾਲਾ ਹਰਿਆਣਾ ਚਾਹੁੰਦੇ ਹੋ? ਮੈਂ ‘ਸਕਿੱਲ ਹਰਿਆਣਾ‘ ਬਣਾਉਣਾ ਚਾਹੁੰਦਾ ਹਾਂ। ਤੁਸੀਂ ਤੈਅ ਕਰਨਾ ਹੈ ਕਿ ਕੀ ਤੁਸੀਂ ਸਕੈਮ ਹਰਿਆਣਾ ਚਾਹੁੰਦੇ ਹੋ ਜਾਂ ਸਕਿੱਲ ਹਰਿਆਣਾ। ਪ੍ਰਧਾਨ ਮੰਤਰੀ ਨੇ
ਲੋਕਾਂ ਨੂੰ ਭਾਜਪਾ ਸਰਕਾਰ ਚੁਣਨ ਦੀ ਬੇਨਤੀ ਕੀਤੀ ਤਾਂ ਕਿ ਸੂਬੇ ਨੂੰ ਤੇਜ਼ ਵਿਕਾਸ ਦੇ ਰਾਹ ‘ਤੇ ਤੋਰਿਆ ਜਾ ਸਕੇ। ਮੋਦੀ ਨੇ ਅਫਸੋਸ ਪ੍ਰਗਟਾਇਆ ਕਿ ਵੰਸ਼ਵਾਦ ਦੀ ਸਿਆਸਤ ਕਾਰਨ ਪਿਛਲੇ 25 ਸਾਲਾਂ ਵਿਚ ਹਰਿਆਣਾ ਦਾ ਵਿਕਾਸ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਮੈਨੂੰ ਹਰਿਆਣਾ ਦਾ ਕਰਜ਼ਾ ਮੋੜਨ ਦਾ ਇਕ ਮੌਕਾ ਦਿਓ।ਉਨ੍ਹਾਂ ਕਿਹਾ ਕਿ ਅਸੀਂ ਛੂਆ-ਛੂਤ ਦੀ ਸਿਆਸਤ ਨਹੀਂ ਕਰਦੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਡਿਤ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਅਤੇ ਦੇਸ਼ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਨ੍ਹਾਂ ਦੀ 150ਵੀਂ ਜਯੰਤੀ ਧੂਮ-ਧਾਮ ਨਾਲ ਮਨਾਈ ਜਾਵੇ।



