ਮੋਗਾ, 5 ਅਕਤੂਬਰ (ਪੀ. ਟੀ.)- ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਸਵੇਰੇ ਕਰੀਬ 6:45 ਵਜੇ ਪਿੰਡ ਮਹਿਣਾ ਦੇ ਕਰੀਬ ਬੱਸ ਅਤੇ ਕਾਰ ਦੀ ਭਿਆਨਕ ਟਰੱਕ ਵਿਚ ਇਕੋ ਪਰਿਵਾਰ ਦੇ ਤਿੰਨ ਜੀਆਂ ਸਮੇਤ ਚਾਰਾਂ ਦੀ ਮੌਤ ਹੋ ਗਈ ਅਤੇ ਕਾਰ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਡਿਪੂ ਰੋਡਵੇਜ਼ ਦੀ ਬੱਸ ਜੋ ਫਿਰੋਜ਼ਪੁਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ, ਨੇ ਲੁਧਿਆਣਾ ਵੱਲੋਂ ਗੁਰਦੁਆਰਾ ਨਾਨਕਸਰ ਤੋਂ ਸਵਿੱਫਟ ਕਾਰ ਰਾਹੀਂ ਮੁਕਤਸਰ ਆ ਰਹੇ 5 ਪਰਿਵਾਰਕ ਮੈਂਬਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਪੁਲ ‘ਤੇ ਹੋਏ ਇਸ ਹਾਦਸੇ ਨਾਲ ਦੋਵੇਂ ਵਾਹਨ ਪੁਲ ਤੋਂ ਕਾਫ਼ੀ ਹੇਠਾਂ ਡਿੱਗ ਗਏ ਅਤੇ ਕਾਰ ਬੁਰੀ ਤਰ੍ਹਾਂ ਚਕਨਾਚੂਰ ਹੋ ਗਈ। ਥਾਣਾ ਮਹਿਣਾ ਦੀ ਪੁਲਿਸ ਨੂੰ ਸੂਚਨਾ ਮਿਲਣ ‘ਤੇ ਪੁਲਿਸ ਵੱਲੋਂ ਕਾਰ ਵਿਚ ਪੰਜ
ਸਵਾਰਾਂ ਨੂੰ ਬੜੀ ਮੁਸ਼ੱਕਤ ਨਾਲ ਰਾਹਗੀਰਾਂ ਦੀ ਮੱਦਦ ਨਾਲ ਬਾਹਰ ਕੱਢਿਆ। ਜਿੰਨ੍ਹਾਂ ਵਿਚ ਤਿੰਨ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਚੁੱਕੀ ਸੀ ਅਤੇ ਬਾਕੀ ਦੋ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਜਿਥੇ ਸੱਟਾਂ ਜ਼ਿਆਦਾ ਹੋਣ ਕਰਕੇ ਜ਼ਖ਼ਮੀ ਬੱਚੀ ਦੀ ਲੁਧਿਆਣਾ ਵਿਖੇ ਮੌਤ ਹੋ ਗਈ। ਮਰਨ ਵਾਲਿਆਂ ਵਿਚ ਗੁਰਪ੍ਰੀਤ ਸਿੰਘ, ਗੁਰਦੀਪ ਕੌਰ, ਮਨਜੀਤ ਕੌਰ ਅਤੇ ਬੱਚੀ ਮਮਨਦੀਪ ਕੌਰ ਸਾਰੇ ਵਾਸੀ ਗੁਰੂ ਤੇਗ ਬਹਾਦਰ ਨਗਰ ਮੁਕਤਸਰ ਸ਼ਾਮਿਲ ਸਨ ਅਤੇ ਗੁਰਦੁਆਰਾ ਨਾਨਕਸਰ ਤੋਂ ਵਾਪਿਸ ਆ ਰਹੇ ਸਨ। ਕਾਰ ਦਾ ਡਰਾਇਵਰ ਪ੍ਰਤੀਕ ਸਿਘ ਗੰਭੀਰ ਜ਼ਖ਼ਮੀ ਹੋਣ ਕਰਕੇ ਲੁਧਿਆਣਾ ਵਿਖੇ ਜੇਰੇ ਇਲਾਜ ਹੈ। ਡੀ.ਐੱਸ. ਪੀ. ਮੋਗਾ ਗੁਰਮੀਤ ਸਿੰਘ ਥਾਣਾ ਮਹਿਣਾ ਮੁਖੀ ਗੁਰਵਿੰਦਰ ਸਿੰਘ ਭੁੱਲਰ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਪੁਲਿਸ ਅਨੁਸਾਰ ਬੱਸ ਵਿਚੋਂ ਕਿਸੇ ਵੀ ਜ਼ਖ਼ਮੀ ਦੇ ਹੋਣ ਦੀ ਸੂਚਨਾ ਨਹੀਂ ਅਤੇ ਬੱਸ ਡਰਾਈਵਰ ਅਤੇ ਕੰਡਕਰਟਰ ਵੀ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਹਨ। ਇਸ ਸਬੰਧੀ ਥਾਣਾ ਮਹਿਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਕੀਤੀ ਹੈ।



