ਕਾਂਗਰਸ ਨੇ ਪ੍ਰਸਾਰਣ ਨੂੰ ‘ਖ਼ਤਰਨਾਕ ਪ੍ਰੰਪਰਾ’ ਦੱਸਿਆ
ਨਾਗਪੁਰ, 3 ਅਕਤੂਬਰ (ਪੀ. ਟੀ. ਲਾਇਵ)- ਇਤਿਹਾਸ ’ਚ ਪਹਿਲੀ ਵਾਰ ਦੂਰਦਰਸ਼ਨ ਨੇ ਆਰ.ਐਸ.ਐਸ. ਪ੍ਰਮੁੱਖ ਮੋਹਨ ਭਾਗਵਤ ਦੇ ਸਾਲਾਨਾ ਵਿਜੇਦਸ਼ਮੀ ਸਮਾਗਮ ’ਚ ਦਿੱਤੇ ਜਾਣ ਵਾਲੇ ਭਾਸ਼ਣ ਦਾ ਨਾਗਪੁਰ ਤੋਂ ਸਿੱਧਾ ਪ੍ਰਸਾਰਣ ਕੀਤਾ ਗਿਆ। ਦੂਰਦਰਸ਼ਨ ਦੇ ਇਸ ਕਦਮ ਤੇ ਭਾਸ਼ਣ ਦੀ ਵਿਸ਼ਾ ਵਸਤੂ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਗੌਰਤਲਬ ਹੈ ਕਿ ਆਰ.ਐਸ.ਐਸ ਦੀ ਵਿਜੇਦਸ਼ਮੀ ਰੈਲੀ ਦਾ ਟੀ.ਵੀ. ’ਤੇ ਕਦੀ ਵੀ ਸਿੱਧਾ ਪ੍ਰਸਾਰਣ ਨਹੀਂ ਕੀਤਾ ਗਿਆ। ਇਥੋਂ ਤੱਕ ਅਟਲ ਬਿਹਾਰੀ ਵਾਜਪਾਈ ਦੇ ਕਾਰਜਕਾਲ ਦੌਰਾਨ ਵੀ ਅਜਿਹਾ ਨਹੀਂ ਕੀਤਾ ਗਿਆ ਸੀ। ਦੂਰਦਰਸ਼ਨ ਦੇ ਇਸ ਪ੍ਰਸਾਰਣ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਕਈ ਸਿਆਸੀ ਆਗੂਆਂ ਤੇ ਉੱਘੀਆਂ ਸ਼ਖ਼ਸੀਅਤਾਂ ਨੇ ਇਸ ਸਿੱਧੇ ਪ੍ਰਸਾਰਣ ’ਤੇ ਸਖ਼ਤ ਵਿਰੋਧ ਜਤਾਇਆ ਹੈ।
ਅੱਜ ਸਵੇਰੇ ਦੂਰਦਰਸ਼ਨ ਉੱਤੇ ਸਭ ਤੋਂ ਪਹਿਲਾਂ ਝਾਕੀ ਦਿਖਾਈ ਗਈ, ਜਿਸ ਦੇ ਬਾਅਦ ਆਰ ਐਸ ਐਸ ਦੇ ਮੁਖੀ ਮੋਹਨ ਭਾਗਵਤ ਦਾ ਭਾਸ਼ਣ ਲਗਾਤਾਰ ਦਿਖਾਇਆ ਗਿਆ, ਜਿਸ ਵਿੱਚ ਸੰਘ ਪ੍ਰਮੁੱਖ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਜ਼ਾਹਿਰ ਹੈ ਕਿ ਇਹ ਵਿਚਾਰ ਰਾਸ਼ਟਰੀ ਸਵੇਮ ਸੇਵਕ ਸੰਘ ਦੇ ਹਨ। ਅਜਿਹੇ ਵਿੱਚ ਮੋਹਨ ਭਾਗਵਤ ਦਾ ਇਹ ਭਾਸ਼ਣ ਰਾਸ਼ਟਰੀ ਚੈਨਲ ’ਤੇ ਪ੍ਰਸਾਰਣ ਕੀਤੇ ਜਾਣਾ ਕੀ ਠੀਕ ਹੈ, ਇਸ ਉਪਰ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਕੀ ਕਿਸੇ ਸੰਗਠਨ ਦੇ ਕਾਰਜਕਰਮ ਪ੍ਰਸਾਰਿਤ ਕਰਨ ਦੇ ਲਈ ਦੂਰਦਰਸ਼ਨ ਦੇ ਕੋਲ ਕੋਈ ਮਾਣਕ ਹੈ। ਨਾਲ ਹੀ ਇਹ ਸੁਵਾਲ ਕਿ ਕਿਸ ਅਧਾਰ ’ਤੇ ਆਰ ਐਸ ਐਸ ਦਾ ਇਹ ਪ੍ਰੋਗਰਾਮ ਦੂਰਦਰਸ਼ਨ ਉੱਤੇ ਪ੍ਰਸਾਰਿਤ ਹੋਇਆ। ਅਜਿਹੀ ਸਥਿਤੀ ਵਿੱਚ ਸਵਾਲ ਇਹ ਵੀ ਹੈ ਕਿ ਕੀ ਦੇਸ਼ ਦੇ ਦੂਸਰੇ ਧਾਰਮਿਕ-ਸੱਭਿਆਚਾਰਕ ਸੰਗਠਨਾਂ ਦੇ ਪ੍ਰੋਗਰਾਮਾਂ ਨੂੰ ਵੀ ਦੂਰਦਰਸ਼ਨ ਪ੍ਰਸਾਰਿਤ ਕਰੇਗਾ।
ਦੂਜੇ ਪਾਸੇ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਨੇ ਦੂਰਦਰਸ਼ਨ ਦੇ ‘ਦੁਰਉਪਯੋਗ’ ਦੀ ਕਰੜੀ ਅਲੋਚਨਾ ਕੀਤੀ ਹੈ। ਕਾਂਗਰਸ ਦੇ ਬੁਲਾਰੇ ਸੰਦੀਪ ਦਿਕਸ਼ਿਤ ਨੇ ਲੱਗਭੱਗ ਇੱਕ ਘੰਟੇ ਦੇ ਇਸ ਪ੍ਰਸਾਰਣ ਨੂੰ ਇੱਕ ‘ਖ਼ਤਰਨਾਕ ਪ੍ਰੰਪਰਾ’ ਦਸਦੇ ਹੋਏ ਕਿਹਾ ਹੈ ਕਿ ਆਰ ਐਸ ਐਸ ਇੱਕ ਵਿਵਾਦਮਈ ਸੰਗਠਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਖ਼ਤਰਨਾਕ ਪ੍ਰੰਪਰਾ ਹੈ। ਇਹ ਕੋਈ ਅਜਿਹਾ ਸੰਗਠਨ ਨਹੀਂ ਹੈ ਜਿਹੜਾ ਪੂਰੀ ਤਰ੍ਹਾਂ ਨਾਲ ਨਿਰਪੱਖ ਹੋਵੇ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦਾ ਇੱਕ ਸਿਆਸੀ ਫੈਸਲਾ ਹੈ।
ਕਾਂਗਰਸ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਸਾਡੀਆਂ ਕੌਮੀ ਆਸ਼ਾਵਾਂ ਦੇ ਮਾਮਲੇ ਵਿੱਚ ਅਸੀਂ ਆਰ ਐਸ ਐਸ ਦੇ ਰਿਕਾਰਡ ਨੂੰ ਸ਼ੱਕ ਤੋਂ ਪਰ੍ਹੇ ਨਹੀਂ ਮੰਨਦੇ। ਮਾਕਪਾ ਨੇ ਕਿਹਾ ਕਿ ਆਰ ਐਸ ਐਸ ਇਸ ਮੌਕੇ ਦਾ ਇਸਤੇਮਾਲ ਆਪਣੀ ਹਿੰਦੂਤਵ ਦੀ ਵਿਚਾਰਧਾਰਾ ਨੂੰ ਫੈਲਾਉਣ ਦੇ ਲਈ ਕਰਦੀ ਹੈ। ਰਾਸ਼ਟਰੀ ਚੈਨਲ ਨੂੰ ਆਰ ਐਸ ਐਸ ਵਰਗੇ ਸੰਗਠਨ ਦੇ ਪ੍ਰਮੁੱਖ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਨਹੀਂ ਕਰਨਾ ਚਾਹੀਦਾ ਸੀ ਭਾਰਤੀ ਕਮਿਉਨਿਸਟ ਪਾਰਟੀ ਨੇ ਵੀ ਭਾਗਵਤ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਣ ਕੀਤੇ ਜਾਣ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਸਰਕਾਰੀ ਸਾਧਨ ਦਾ ਦੁਰਉਪਯੋਗ ਹੈ।



