ਨਵੀਂ ਦਿੱਲੀ, 2 ਅਕਤੂਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਸਵੱਛ ਭਾਰਤ ਮੁਹਿੰਮ‘ ਦਾ ਪ੍ਰਚਾਰ ਕਰਨ ਲਈ ਮੋਦੀ ਨੇ ਭਾਰਤ ਰਤਨ ਸਚਿਨ ਤੇਂਦੁਲਕਰ, ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਤੇ ਪ੍ਰਿਯੰਕਾ ਚੋਪੜਾ ਅਤੇ ਉਦਯੋਗਪਤੀ ਅਨਿਲ ਅੰਬਾਨੀ ਸਮੇਤ 9 ਸਖ਼ਸ਼ੀਅਤਾਂ ਦੀ ਚੋਣ ਕੀਤੀ ਹੈ। ਇੰਡੀਆ ਗੇਟ ਵਿਖੇ ਮੁਹਿੰਮ ਦੀ ਸ਼ੁਰੂਆਤ ਦੌਰਾਨ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਕਾਰਜ ਨੂੰ ਸਿਰੇ ਲਾਉਣ ਲਈ 9 ਸਖ਼ਸ਼ੀਅਤਾਂ ਨੂੰ ਸੱਦਾ ਦਿੱਤਾ ਹੈ। ਇਹ 9 ਲੋਕ ਅੱਗੇ ਹੋਰ 9 ਲੋਕਾਂ ਨੂੰ ਨਾਮਜ਼ਦ ਕਰ ਸਕਦੇ ਹਨ ਜੋ ਵੀਡੀਓ ਅਪਲੋਡ ਕਰਕੇ ਸਫ਼ਾਈ ਮੁਹਿੰਮ ਦਾ ਸੰਦੇਸ਼ ਲੋਕਾਂ ਵਿਚ ਫੈਲਾਉਣਗੇ। ਪ੍ਰਧਾਨ ਮੰਤਰੀ ਨੇ ਕਿਹਾ, ‘‘ਇਸ ਮਕਸਦ ਲਈ ਮੈਂ ਸਚਿਨ ਤੇਂਦੁਲਕਰ, ਸਲਮਾਨ ਖਾਨ, ਪ੍ਰਿਯੰਕਾ ਚੋਪੜਾ, ਅਨਿਲ ਅੰਬਾਨੀ, ਗੋਆ ਦੇ ਰਾਜਪਾਲ ਮ੍ਰਿਦੁਲਾ ਸਿਨਹਾ, ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ, ਯੋਗਾ ਗੁਰੂ ਬਾਬਾ ਰਾਮਦੇਵ, ਅਭਿਨੇਤਾ-ਨਿਰਮਾਤਾ ਕਮਲ ਹਸਨ ਅਤੇ ਟੈਲੀਵੀਜ਼ਨ ਲੜੀਵਾਰ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ‘ ਦੀ ਟੀਮ ਨੂੰ ਸੱਦਾ ਦਿੱਤਾ ਹੈ।
ਵੰਗਾਰ ਨੂੰ ਕਬੂਲ ਕਰਨ ਦਾ ਸਮਾਂ-ਪ੍ਰਿਯੰਕਾ- ਨਵੀਂ ਦਿੱਲੀ-ਪ੍ਰਧਾਨ ਮੰਤਰੀ ਦੀ ‘ਸਵੱਛ ਭਾਰਤ ਮੁਹਿੰਮ ਨਾਲ ਜੁੜਨ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਸਵੱਛ ਭਾਰਤ ਦੀ ਮੁਹਿੰਮ ਨਾਲ ਸਰਗਰਮੀ ਨਾਲ ਜੁੜਿਆ ਜਾਵੇ। ਮੈਂ ਚਾਹੁੰਦੀ ਹਾਂ ਕਿ ਸਾਰਾ ਭਾਰਤ ਸਾਫ-ਸੁਥਰਾ ਹੋਵੇ। ਸਾਨੂੰ ਇਹ ਕਾਰਜ ਆਪਣੇ ਆਪ ਕਰਨਾ ਚਾਹੀਦੈ।
‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾਂ ਦੇ ਕਲਾਕਾਰਾਂ ਕਿਹਾ ਸਾਡੇ ਲਈ ਮਾਣ ਵਾਲੀ ਗੱਲ-ਇਸ ਮੌਕੇ ਟੈਲੀਵੀਜ਼ਨ ਲੜੀਵਾਰ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ‘ ਦੇ ਕਲਾਕਾਰਾਂ ਅਤੇ ਨਿਰਮਾਤਾ ਨੇ ਵੀ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੇ ਸਾਡੀ ਟੀਮ ਨੂੰ ਸਾਫ਼ ਭਾਰਤ ਦੀ ਮੁਹਿੰਮ ਨਾਲ ਜੋੜਿਆ ਹੈ। ਇਸ ਮੌਕੇ ਲੜੀਵਾਰ ‘ਤਾਰਿਕ ਮਹਿਤਾ ਕਾ ਉਲਟਾ ਚਸ਼ਮਾ‘ ਦੀ ਦਿਸ਼ਾ ਵਕਾਨੀ ਨੇ ਕਿਹਾ, ‘ਪ੍ਰਧਾਨ ਮੰਤਰੀ ਨੇ ਸਾਡੀ ਟੀਮ ਨੂੰ ਇਸ ਮੁਹਿੰਮ ਨਾਲ ਜੋੜ ਕੇ ਵੱਡਾ ਮਾਣ ਦਿੱਤਾ ਹੈ ਅਤੇ ਅਸੀਂ ਪੂਰੀ ਮਿਹਨਤ ਨਾਲ ਇਸ ਮੁਹਿੰਮ ਨੂੰ ਲੋਕਾਂ ਤੱਕ ਫੈਲਾਵਾਂਗੇ।‘ ਇਸ ਲੜੀਵਾਰ ਦੇ ਪ੍ਰੋਡਿਊਸਰ ਅਸੀਤ ਮੋਦੀ ਨੇ ਕਿਹਾ ਕਿ ਸਾਡੇ ਲਈ ਇਹ ਵੱਡਾ ਮੌਕਾ ਹੈ ਕਿ ਅਸੀਂ ਇਸ ਮੁਹਿੰਮ ਜ਼ਰੀਏ ਦੇਸ਼ ਦੀ ਸੇਵਾ ਕਰ ਸਕੀਏ।‘ਸਵੱਛ ਭਾਰਤ‘ ਦਾ ਬ੍ਰਾਂਡ ਅੰਬਸਡਰ ਬਣ ਕੇ ਖੁਸ਼ੀ ਹੋਵੇਗੀ-ਆਮਿਰ ਨਵੀਂ ਦਿੱਲੀ-ਅਭਿਨੇਤਾ ਆਮਿਰ ਖਾਨ ਨੇ ਕਿਹਾ ਕਿ ‘ਸਵੱਛ ਭਾਰਤ ਮੁਹਿੰਮ‘ ਦਾ ਬ੍ਰਾਂਡ ਅੰਬਸਡਰ ਬਣ ਕੇ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਇਸ ਪ੍ਰੋਗਰਾਮ ਨਾਲ ਜੁੜਨ ਦੀ ਅਪੀਲ ਕੀਤੀ।



