ਚੰਡੀਗੜ੍ਹ, 29 ਸਤੰਬਰ (ਨਾਗਪਾਲ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਆਖਿਆ ਕਿ ਨਵੇਂ ਚੰਡੀਗੜ੍ਹ ਵਿੱਚ ਬਣਨ ਵਾਲੀ ਮੈਡੀਸਿਟੀ ਵਿੱਚ ਅਤਿ ਆਧੁਨਿਕ ਸਿਹਤ ਸੇਵਾਵਾਂ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਪੰਜਾਬ ਵਿਸ਼ਵ ਪੱਧਰ ‘ਤੇ ਧੁਰਾ ਬਣ ਕੇ ਉਭਰੇਗਾ। ਅੱਜ ਇੱਥੇ ਜੇ.ਡਬਲਿਯੂ.ਮੈਰੀਅਟ ਹੋਟਲ ਵਿਖੇ ਹੱਡੀਆਂ ਦੇ ਇਲਾਜ ਸਬੰਧੀ ਮੈਕਸ ਹਸਪਤਾਲ, ਮੁਹਾਲੀ ਵਿੱਚ ਸਥਾਪਤ ਕੀਤੇ ਜਾ ਚੁੱਕੇ ਏਸ਼ੀਆ ਦੇ ਪਹਿਲੇ ਡਿਜ਼ੀਟਲ ਮੈਕਸ ਆਰਥੋਪੈਡਿਕ ਕੇਂਦਰ ਦਾ ਉਦਘਾਟਨ ਕਰਨ ਉਪਰੰਤ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮੈਡੀਸਿਟੀ ਨਾਲ ਇਸ ਖੇਤਰ ਵਿੱਚ ਮੈਡੀਕਲ ਟੂਰਿਜ਼ਮ ਨੂੰ ਬਹੁਤ ਹੁਲਾਰਾ ਮਿਲੇਗਾ। ਉਨ੍ਹਾਂ ਮੈਕਸ ਹੈਲਥ ਕੇਅਰ ਗਰੁੱਪ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਨ੍ਹਾਂ ਨਵੀਂ ਸਥਾਪਤ ਹੋ ਰਹੀ ਮੈਡੀਸਿਟੀ ਵਿੱਚ ਜਿੱਥੇ ਨਿਵੇਸ਼ ਕਰ ਰਹੇ ਹਨ ਉਥੇ ਹੈਲਥ ਕੇਅਰ ਖੇਤਰ ਵਿੱਚ ਹੁਨਰ ਵਿਕਾਸ ਕੇਂਦਰਾਂ ਨੂੰ ਸਥਾਪਤ ਵੀ ਕਰ ਰਹੇ
ਹਨ। ਉਨ੍ਹਾਂ ਨੇ ਮੈਕਸ ਹਸਪਤਾਲ ਦੀ ਮੈਨੇਜਮੈਂਟ ਨੂੰ ਇਹ ਡਿਜੀਟਲ ਕੇਂਦਰ ਸਥਾਪਤ ਕਰਨ ਦੀ ਵਧਾਈ ਦਿੱਤੀ ਜਿਸ ਨਾਲ ਜੋੜਾਂ ਨੂੰ ਬਦਲਣਾ ਅਤੇ ਸੱਟ ਲੱਗ ਜਾਣ ਦੇ ਵਧੀਆ ਇਲਾਜ ਲਈ ਇਹ ਕੇਂਦਰ ਬੇਹੱਦ ਸਹਾਈ ਹੋਵੇਗਾ। ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਨੂੰ ਭਾਰਤ ਸਰਕਾਰ ਨੇ ਸਿਹਤ ਖੇਤਰ ਵਿੱਚ ਪਹਿਲਾਂ ਹੀ ਸਰਵੋਤਮ ਦਰਜਾ ਦਿੱਤਾ ਹੋਇਆ ਹੈ। ਉੁਨ੍ਹਾਂ ਆਖਿਆ ਕਿ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੀ ਤਰਜ ‘ਤੇ ਮੁੱਲਾਂਪੁਰ ਵਿਖੇ ਬਣਾਏ ਜਾ ਰਹੇ ਕੌਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਮੀਲ ਪੱਥਰ ਸਿੱਧ ਹੋਵੇਗਾ ਜਿੱਥੇ ਕੈਂਸਰ ਪੀੜਤਾਂ ਦੇ ਇਲਾਜ ਕਰਨ ਦੇ ਨਾਲ ਨਾਲ ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਦੇ ਹੁਨਰ ਦਾ ਵੀ ਵਿਕਾਸ ਹੋਵੇਗਾ।



