ਚੰਡੀਗੜ੍ਹ, 27 ਸਤੰਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਸਰਹੱਦੀ ਜ਼ਿਲ੍ਹਿਆਂ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਕੇ ਨੌਜਵਾਨਾਂ ਦੀ ਊਰਜਾ ਸਹੀ ਪਾਸੇ ਲਾਉਣ ਦੀ ਉਠਾਈ ਮੰਗ ਨਾਲ ਸਹਿਮਤ ਹੁੰਦਿਆਂ ਕੇਂਦਰੀ ਖੇਡ ਰਾਜ ਮੰਤਰੀ ਸ੍ਰੀ ਸਰਬਨੰਦਾ ਸੋਨੋਵਾਲ ਨੇ ਅੱਜ ਫਿਰੋਜ਼ਪੁਰ, ਅੰਮ੍ਰਿਤਸਰ, ਤਰਨ ਤਾਰਨ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਹਰੇਕ ਬਲਾਕ ਵਿੱਚ ਬਹੁ-ਮੰਤਵੀ ਖੇਡ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ। ਕੇਂਦਰੀ ਖੇਡ ਮੰਤਰੀ ਨੇ ਅੱਜ ਸ਼ਾਮ ਇੱਥੇ ਮੁੱਖ ਮੰਤਰੀ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਜਿਸ ਦੌਰਾਨ ਸ. ਬਾਦਲ ਨੇ ਉਨ੍ਹਾਂ ਅਪੀਲ ਕੀਤੀ ਕਿ ਸੂਬੇ ਵਿੱਚ ਨਸ਼ਿਆਂ ਦੀ ਲਾਹਨਤ ਦੇ ਖਾਤਮੇ ਲਈ ਸਰਹੱਦੀ ਜ਼ਿਲ੍ਹਿਆਂ ਵਿੱਚ ਖੇਡ ਪ੍ਰਾਜੈਕਟ ਅਤੇ ਸਬੰਧਤ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੂਬੇ ਦੀ ਮਦਦ ਕੀਤੀ ਜਾਵੇ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਆਪਣੇ ਪੱਧਰ ’ਤੇ ਪਹਿਲਾਂ ਹੀ ਬਹੁਤ ਯਤਨ ਕੀਤੇ ਜਾ ਰਹੇ ਹਨ ਪਰ ਇਸ ਵਿਆਪਕ ਕਾਰਜ ਨੂੰ ਕੇਂਦਰ ਸਰਕਾਰ ਦੇ ਸਹਿਯੋਗ ਤੋਂ ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ। ਸ. ਬਾਦਲ ਨੇ ਕਿਹਾ ਕਿ ਸਰਹੱਦੀ ਜ਼ਿਲ੍ਹਿਆਂ ਵਿੱਚ ਖੇਡਾਂ ਨੂੰ ਉਤਸ਼ਾਹਤ ਕਰਨ ਦੀ ਅਥਾਹ ਸਮਰਥਾ ਹੈ ਜਿਸ ਲਈ ਕੇਂਦਰ ਸਰਕਾਰ ਨੂੰ ਧਿਆਨ ਦਿੱਤਾ
ਜਾਣਾ ਚਾਹੀਦਾ ਹੈ।
ਇਕ ਹੋਰ ਮੁੱਦੇ ’ਤੇ ਹੁੰਗਾਰਾ ਭਰਦਿਆਂ ਸ੍ਰੀ ਸੋਨਵਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਸਰਹੱਦੀ ਜ਼ਿਲ੍ਹਿਆਂ ਦੇ ਹਰੇਕ ਬਲਾਕ ਵਿੱਚ ਸੱਤ ਏਕੜ ਰਕਬੇ ਵਿੱਚ 1.75 ਕਰੋੜ ਰੁਪਏ ਦੀ ਲਾਗਤ ਨਾਲ ਬਹੁ-ਮੰਤਵੀ ਖੇਡ ਕੇਂਦਰ ਕਾਇਮ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਇਨ੍ਹਾਂ ਕੇਂਦਰਾਂ ਲਈ ਲੋੜੀਂਦੀ ਤਜਵੀਜ਼ ਭੇਜੀ ਜਾਵੇ ਤਾਂ ਕਿ ਪੜਾਅਵਾਰ ਕੰਮ ਸ਼ੁਰੂ ਕੀਤਾ ਜਾ ਸਕੇ। ਕੇਂਦਰੀ ਮੰਤਰੀ ਨੇ ਸ. ਬਾਦਲ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਸੂਬੇ ਦੇ ਹਰੇਕ ਬਲਾਕ ਵਿੱਚ ਹੀ ਅਜਿਹੇ ਕੇਂਦਰ ਖੋਲ੍ਹਣ ਤੋਂ ਵੀ ਮੁਨਕਰ ਨਹੀਂ ਹੈ। ਇਕ ਹੋਰ ਮੁੱਦਾ ਉਠਾਉਂਦੇ ਹੋਏ ਮੁੱਖ ਮੰਤਰੀ ਨੇ ਸ੍ਰੀ ਸੋਨੋਵਾਲ ਨੂੰ ਜ¦ਧਰ ਵਿੱਚ ਹਾਕੀ ਅਤੇ ਮਹਿਲਪੁਰ ਵਿੱਚ ਫੁਟਬਾਲ ਦੇ ਅਤਿ ਉਤਮ ਕੇਂਦਰ (ਸੈਂਟਰ ਆਫ਼ ਐਕਸੀਲੈਂਸ) ਸਥਾਪਤ ਕਰਨ ਲਈ ਆਖਿਆ ਕਿਉਂਕਿ ਇਨ੍ਹਾਂ ਦੋਵਾਂ ਖੇਡਾਂ ਵਿੱਚ ਪੰਜਾਬ ਨੇ ਨਾਮਵਾਰ ਖਿਡਾਰੀ ਪੈਦਾ ਕੀਤੇ ਹਨ। ਸ. ਬਾਦਲ ਨੇ ਕਿਹਾ ਕਿ ਇਹ ਸੈਂਟਰ ਸਥਾਪਤ ਕਰਨ ਦੇ ਨਾਲ ਰਾਜ ਵਿੱਚ ਫੁਟਬਾਲ ਅਤੇ ਹਾਕੀ ਨੂੰ ਹੁਲਾਰਾ ਮਿਲੇਗਾ ਜੋ ਕਿ ਦੇਸ਼ ਲਈ ਬਹੁਤ ਲਾਹੇਵੰਦ ਹੋਵਗਾ। ਮੁੱਖ ਮੰਤਰੀ ਨੇ ਸ੍ਰੀ ਸੋਨੋਵਾਲ ਪਾਸੋਂ ਮੰਗ ਕਰਦਿਆਂ ਆਖਿਆ ਕਿ ਜ਼ੀਰਕਪੁਰ ਵਿਖੇ 20 ਏਕੜ ਰਕਬੇ ਵਿੱਚ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਖੇਤਰੀ ਕੇਂਦਰ ਦਾ ਕੰਮ ਛੇਤੀ ਸ਼ੁਰੂ ਕਰਵਾਇਆ ਜਾਵੇ ਜਿਸ ਲਈ ਸੂਬਾ ਸਰਕਾਰ ਨੇ ਜ਼ਮੀਨ ਵੀ ਕੇਂਦਰੀ ਖੇਡ ਮੰਤਰਾਲੇ ਨੂੰ ਸੌਂਪ ਦਿੱਤੀ ਹੈ। ਸ. ਬਾਦਲ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਤਰਨ ਤਾਰਨ ਵਿਖੇ ਇਨਡੋਰ ਹਾਲ ਲਈ ਬਕਾਇਆ ਦੂਜੀ ਕਿਸ਼ਤ ਵੀ ਫੌਰੀ ਤੌਰ ’ਤੇ ਜਾਰੀ ਕੀਤੀ ਜਾਵੇ ਕਿਉਂ ਜੋ 2 ਕਰੋੜ ਰੁਪਏ ਪਹਿਲਾਂ ਹੀ ਖਰਚ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਆਖਿਆ ਕਿ ਸੂਬੇ ਵਿੱਚ ਕੁਝ ਵਿਦੇਸ਼ੀ ਕੋਚ ਵੀ ਤਾਇਨਾਤ ਕੀਤੇ ਜਾਣ ਤਾਂ ਕਿ ਖੇਤਰ ਦੇ ਉੱਭਰਦੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਖੇਡ ਸਿਖਲਾਈ ਦਿੱਤੀ ਜਾ ਸਕੇ।
ਕੇਂਦਰੀ ਮੰਤਰੀ ਨੇ ਸ. ਬਾਦਲ ਨੂੰ ਭਰੋਸਾ ਦਿੱਤਾ ਕਿ ਮੰਤਰਾਲੇ ਵੱਲੋਂ ਸਾਰੇ ਮਾਮਲਿਆਂ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਆਖਿਆ ਕਿ ਉੱਭਰਦੇ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਭਾਰਤ ਸਰਕਾਰ ਵੱਲੋਂ ਛੇਤੀ ਹੀ ਕੁਝ ਵਿਦੇਸ਼ੀ ਕੋਚ ਸੂਬੇ ਵਿੱਚ ਤਾਇਨਾਤ ਕੀਤੇ ਜਾਣਗੇ ਤਾਂ ਕਿ ਇਹ ਖਿਡਾਰੀ ਵੱਡੀਆਂ ਮੱਲਾਂ ਮਾਰ ਸਕਣ।੍ਯਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਹਾਜ਼ਰ ਸਨ। ਕੇਂਦਰੀ ਖੇਡ ਮੰਤਰੀ ਨਾਲ ਸੰਯੁਕਤ ਸਕੱਤਰ ਸ੍ਰੀ ਓਨਕਾਵੇ ਕੇਡੀਆ, ਸੰਯੁਕਤ ਸਕੱਤਰ ਸ੍ਰੀ ਐਲ.ਕੇ. ਗੁਪਤਾ, ਡਾਇਰੈਕਟਰ ਜਨਰਲ ਨਹਿਰੂ ਯੁਵਾ ਕੇਂਦਰ ਡਾ. ਪ੍ਰਭਾ ਕਾਂਤ, ਡਾਇਰੈਕਟਰ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ ਯੂਥ ਡਿਵੈਲਪਮੈਂਟ ਡਾ. ਲਾਥਾ ਪਿੱਲੇ, ਡਾਇਰੈਕਟਰ ਸਾਈ ਚੰਡੀਗੜ੍ਹ ਸ੍ਰੀ ਸੰਜੀਵ ਸ਼ਰਮਾ ਅਤੇ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸ੍ਰੀ ਐਚ.ਕੇ. ਸ਼ਰਮਾ ਹਾਜ਼ਰ ਸਨ।



