ਨਿਊਯਾਰਕ, 26 ਸਤੰਬਰ (ਪੀ. ਟੀ.)- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਾਰਤ ਅਤੇ ਚੀਨ ਨੇ ਲਦਾਖ ਸਰਹੱਦ ‘ਤੇ ਚਲ ਰਹੇ ਗਤੀਰੋਧ ਦਾ ਹੱਲ ਕੱਢ ਲਿਆ ਹੈ ਅਤੇ ਸੈਨਿਕਾਂ ਦੀ ਵਾਪਸੀ ਅੱਜ ਸ਼ੁਰੂ ਹੋ ਕੇ 30 ਸਤੰਬਰ ਤੱਕ ਪੂਰੀ ਹੋ ਜਾਵੇਗੀ। ਸੁਸ਼ਮਾ ਨੇ ਇਸ ਮੁੱਦੇ ਦੇ ਹੱਲ ਨੂੰ ਇਕ ਵੱਡੀ ਕਾਮਯਾਬੀ ਦੱਸੀ ਹੈ। ਵਿਦੇਸ਼ ਮੰਤਰੀ ਨੇ ਇਥੇ ਜਾਰੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਇਜਲਾਸ ਤੋਂ ਅਲੱਗ ‘ਇਬਸਾ’ ਦੇ ਵਿਦੇਸ਼ ਮੰਤਰੀਆਂ ਨਾਲ ਆਪਣੀ ਮੁਲਾਕਾਤ ਤੋਂ ਬਾਅਦ ਭਾਰਤੀ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਦੋਵੇਂ ਦੇਸ਼ਾਂ ਨੇ ਮੌਜੂਦਾ ਸਰਹੱਦੀ ਅੜਿਕੇ ਨੂੰ ਹੱਲ ਕਰ ਲਿਆ ਹੈ।ਇਸੇ ਦੌਰਾਨ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਪਿਛਲੇ ਮਹੀਨੇ ਇਸਲਾਮਾਬਾਦ ’ਚ ਭਾਰਤ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਦੀ ਨਿਰਧਾਰਿਤ ਮੁਲਾਕਾਤ ਤੋਂ
ਕੁਝ ਦਿਨ ਪਹਿਲਾ ਹੁਰੀਅਤ ਨੇਤਾਵਾਂ ਦੇ ਨਾਲ ਗੱਲਬਾਤ ਕਰਕੇ ਪਾਕਿਸਤਾਨ ਨੇ ਗੱਲਬਾਤ ’ਤੇ ਪਾਣੀ ਫੇਰ ਦਿੱਤਾ। ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ ਨੂੰ ਇਸ ਕਥਿਤ ਬਿਆਨ ‘ਤੇ ਟਿੱਪਣੀ ਕਰਨ ਲਈ ਕਿਹਾ ਗਿਆ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਗੱਲਬਾਤ ਉਸ ਵਕਤ ਹੀ ਹੋਵੇਗੀ ਜਦੋਂ ਨਵੀਂ ਦਿੱਲੀ ਪਹਿਲ ਕਰੇਗੀ।


