ਚੰਡੀਗੜ੍ਹ, 26 ਸਤੰਬਰ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰਸ਼ਾਸਕੀ ਸੁਧਾਰਾਂ ਨੂੰ ਪਹਿਲੀ ਵਾਰ ਸਿੱਖਿਆ ਵਿਭਾਗ ਨੇ ਸਕੂਲ ਖੇਡਾਂ ਵਿੱਚ ਲਾਗੂ ਕਰਦਿਆਂ ਅੰਤਰ ਜ਼ਿਲਾ ਸਕੂਲ ਖੇਡਾਂ ਲਈ ਐਂਟਰੀਆਂ ਆਨਲਾਈਨ ਭਰਨ ਦਾ ਫੈਸਲਾ ਕੀਤਾ ਹੈ। ਇਹ ਐਲਾਨ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਕੀਤਾ। ਡਾ.ਚੀਮਾ ਨੇ ਦੱਸਿਆ ਕਿ ਅੰਤਰ ਜ਼ਿਲਾ ਸਕੂਲ ਖੇਡਾਂ ਦੌਰਾਨ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੀਆਂ ਟੀਮਾਂ ਵੱਖ-ਵੱਖ ਈਵੈਂਟਾਂ ਦੇ ਹਰ ਵਰਗ ਵਿੱਚ ਹਿੱਸਾ ਲੈਂਦੀਆਂ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਖਿਡਾਰੀ ਹਿੱਸਾ ਲੈਂਦੇ ਹਨ। ਖਿਡਾਰੀਆਂ ਅਤੇ ਟੀਮਾਂ ਦੀ ਜ਼ਿਆਦਾ ਗਿਣਤੀ ਕਾਰਨ ਐੈਂਟਰੀਆਂ ਜਮ੍ਹਾਂ ਕਰਨ ਵੇਲੇ ਹੁੰਦੀ ਖੱਜਲ ਖੁਆਰੀ ਅਤੇ ਸਮੇਂ ਦੀ ਬਰਬਾਦੀ ਨੂੰ ਦੇਖਦਿਆਂ ਸਿੱਖਿਆ ਵਿਭਾਗ ਨੇ ਇਸ ਸਾਲ ਫੈਸਲਾ ਕੀਤਾ ਹੈ ਕਿ ਹਰ ਖੇਡ ਮੁਕਾਬਲੇ ਦੀਆਂ ਐਂਟਰੀਆਂ ਆਨ ਲਾਈਨ ਭਰੀਆਂ ਜਾਣਗੀਆਂ ਅਤੇ ਹਰ ਜ਼ਿਲੇ ਦੀ ਟੀਮ ਆਪਣੇ ਸਕੂਲ ਵਿੱਚ
ਬੈਠ ਕੇ ਐਂਟਰੀ ਭਰ ਸਕਦੀ ਹੈ, ਇਸ ਲਈ ਕਿਸੇ ਟੀਮ ਇੰਚਾਰਜ ਨੂੰ ਖੁਦ ਚੱਲ ਕੇ ਨਹੀਂ ਜਾਣਾ ਪਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਨਾਲ ਜਿੱਥੇ ਸਮੇਂ ਦੀ ਬੱਚਤ ਹੋਵੇਗੀ ਉਥੇ ਖੇਡਾਂ ਦੌਰਾਨ ਲੇਟ ਪੁੱਜਣ ਵਾਲੀਆਂ ਟੀਮਾਂ ਵੱਲੋਂ ਕੀਤੇ ਜਾਂਦੇ ਇਤਰਾਜ਼ਾਂ ਤੋਂ ਬਚਾਅ ਹੋਵੇਗਾ। ਉਨ੍ਹਾਂ ਦੱਸਿਆ ਕਿ ਆਨ ਲਾਈਨ ਐਂਟਰੀ ਵਿਭਾਗ ਦੇ ਖੇਡ ਵਿਭਾਗ ਵੱਲੋਂ ਬਣਾਈ ਵੈਬਸਾਈਟ ਪੁਨਜੳਬਸਚਹੋਲਸਪੋਰਟਸ.ਨਿ ’ਤੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਛੇ ਦਿਨ ਤੋਂ ਲੈ ਕੇ ਦੋ ਦਿਨ ਪਹਿਲਾਂ ਤੱਕ ਭਰੀਆਂ ਜਾ ਸਕਦੀਆਂ ਹਨ।
ਸਿੱਖਿਆ ਮੰਤਰੀ ਨੇ ਸਾਲ 2014-15 ਦਾ ਖੇਡ ਕੈਲੰਡਰ ਜਾਰੀ ਕਰਦਿਆਂ ਦੱਸਿਆ ਕਿ ਭਾਵੇਂ ਮੁਹਾਲੀ ਵਿਖੇ 28 ਸਤੰਬਰ ਤੋਂ 30 ਸਤੰਬਰ ਤੱਕ ਖੋ-ਖੋ ਦੇ ਅੰਡਰ 19 (ਲੜਕੇ ਤੇ ਲੜਕੀਆਂ) ਵਰਗ ਦੇ ਮੁਕਾਬਲਿਆਂ ਨਾਲ ਅੰਤਰ ਜ਼ਿਲਾ ਪੰਜਾਬ ਸਕੂਲ ਖੇਡਾਂ ਸ਼ੁਰੂ ਹੋਣ ਜਾ ਰਹੀਆਂ ਹਨ ਪਰ ਪਹਿਲੀ ਵਾਰ ਆਨ ਲਾਈਨ ਐਂਟਰੀਆਂ 13 ਅਕਤੂਬਰ ਤੋਂ 7 ਦਸੰਬਰ ਤੱਕ ਵੱਖ-ਵੱਖ ਥਾਵਾਂ ’ਤੇ ਹੋਣ ਵਾਲੀਆਂ ਖੇਡਾਂ ਲਈ ਭਰੀਆਂ ਜਾਣਗੀਆਂ। ਖੇਡਾਂ ਦੇ ਪਹਿਲੇ ਪੜਾਅ ਵਿੱਚ 13 ਅਕਤੂਬਰ ਤੋਂ 17 ਅਕਤੂਬਰ ਤੱਕ ਬਾਸਕਟਬਾਲ (ਬਠਿੰਡਾ), ਹਾਕੀ (ਮੋਗਾ ਤੇ ਅੰਮ੍ਰਿਤਸਰ), ਤੀਰਅੰਦਾਜ਼ੀ ਤੇ ਫੀਲਡ ਤੀਰਅੰਦਾਜ਼ੀ (ਫਾਜ਼ਿਲਕਾ), ਸਾਈਕਲਿੰਗ (ਲੁਧਿਆਣਾ) ਦੇ ਮੁਕਾਬਲੇ ਹੋਣਗੇ। 13 ਤੋਂ 17 ਅਕਤੂਬਰ ਤੱਕ ਹੋਣ ਵਾਲੀਆਂ ਖੇਡਾਂ ਲਈ ਐਂਟਰੀਆਂ 7 ਤੋਂ 11 ਅਕਤੂਬਰ ਤੱਕ ਭਰੀਆਂ ਜਾਣਗੀਆਂ।



