ਅੰਮ੍ਰਿਤਸਰ, 25 ਸਤੰਬਰ (ਪਰਦੀਪ ਸ਼ਰਮਾ)- ਵੇਵ ਵਰਲਡ ਕਬੱਡੀ ਲੀਗ ਦਾ ਕਾਰਵਾਂ, ਜੋ ਕਿ ਪੰਜਾਬ ਦੇ ਤਿੰਨ ਸ਼ਹਿਰਾਂ ਦਾ ਸਫ਼ਰ ਪਹਿਲਾਂ ਹੀ ਪੂਰਾ ਕਰ ਚੁੱਕਿਆ ਹੈ, ਹੁਣ ਆਪਣੇ ਅਗਲੇ ਸਟੇਸ਼ਨ ਅੰਮ੍ਰਿਤਸਰ ਪਹੁੰਚ ਗਿਆ ਹੈ ਅਤੇ ਟ੍ਰਿੱਪਲ ਹੇਡਰ ਦੀ ਸ਼ੁਰੂਆਤ ਸ਼ੁੱਕਰਵਾਰ, 26 ਸਤੰਬਰ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹਾਕੀ ਸਟੇਡੀਅਮ ਵਿਚ ਹੋਵੇਗੀ। ਸ਼ਹਿਰ ਨਿਵਾਸੀਆਂ ਨੂੰ 27 ਅਤੇ 28 ਸਤੰਬਰ ਨੂੰ ਵੀ ਕਬੱਡੀ ਮੈਚ ਦੇਖਣ ਨੂੰ ਮਿਲਣਗੇ।ਰੋਜ਼ ਕਬੱਡੀ ਦੇ ਸ਼ਾਨਦਾਰ ਖੇਡ ਦੇ ਨਾਲ ਹੀ ਪੰਜਾਬੀ ਕਲਾਕਾਰਾਂ ਦੇ ਸ਼ਾਨਦਾਰ ਮਨੋਰੰਜਨ ਵੀ ਮਿਲਣਗੇ ਜਿਨ੍ਹਾਂ ਵਿਚ ਕਲੇਰ ਕੈਂਥ, ਰਵਿੰਦਰ ਗਰੇਵਾਲ ਅਤੇ ਸੁਰਜੀਤ ਭੁੱਲਰ ਵਰਗੇ ਪ੍ਰਮੁੱਖ ਕਲਾਕਾਰ ਸ਼ਾਮਲ ਹਨ। ਵੇਵ ਡਬਲਯੂਕੇਐਲ ਚੈਂਪੀਅਨਸ਼ਿਪ ਦੇ ਦੂਜੇ ਚਰਣ ਵਿਚ ਸ਼ਾਮਲ ਹੋ ਰਿਹਾ ਹੈ ਅਤੇ ਇਹ ਪਹਿਲਾਂ ਹੀ ਦੋ ਮਹਾਦੀਪਾਂ ਯੂਰੋਪ ਅਤੇ ਏਸ਼ੀਆ ਦੇ ਛੇ ਵੱਖ ਵੱਖ ਸ਼ਹਿਰਾਂ ਦਾ ਦੌਰਾ ਕਰ ਚੁੱਕੀ ਹੈ, ਹਰ ਵੀਕਐਂਡ ’ਤੇ ਸਥਾਨਕ ਅਤੇ ਅੰਤਰਰਾਸ਼ਟਰੀ
ਦਰਸ਼ਕਾਂ ਨੂੰ ਸ਼ਾਨਦਾਰ ਖੇਡ ਅਤੇ ਮਨੋਰੰਜਨ ਦਾ ਮੌਕਾ ਦੇ ਰਹੀ ਹੈ। ਹੁਣ ਤੱਕ ਖਾਲਸਾ ਵਾਰਿਅਰਜ਼ ਵੇਵ ਡਬਲਯੂਕੇਐਲ ਵਿਚ 9 ਮੈਚਾਂ ਵਿਚ 17 ਅੰਕਾਂ ਨਾਲ ਸਭ ਤੋਂ ਅੱਗੇ ਹੈ ਅਤੇ ਲਾਹੌਰ ਲਾਇਨਜ਼ 7 ਮੈਚਾਂ ਤੋਂ ਬਾਅਦ 10 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਯੂਨਾਈਟਿਡ ਸਿੰਗਜ਼ ਅਤੇ ਯੋ ਯੋ ਟਾਈਗਰਜ਼ ਦੇ 8-8 ਮੈਚਾਂ ਤੋਂ ਬਾਅਦ 8-8 ਅੰਕ ਹਨ।



