ਹਰਿਆਣਾ ਵਿੱਚ ਇਨੈਲੋ ਦੇ ਗੱਠਜੋੜ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ’ਤੇ ਕੋਈ ਅਸਰ ਨਹੀਂ
ਪਰਨੀਤ ਬਰਾੜ- ਕਾਰਜਕਾਰੀ ਸੰਪਾਦਕ
ਜਲੰਧਰ/ਐੱਸ.ਏ.ਐੱਸ.ਨਗਰ: 25 ਸਤੰਬਰ- ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਹਿਯੋਗੀ ਸਰਕਾਰ ਆਉਂਦੇ ਢਾਈ ਸਾਲਾਂ ਵਿੱਚ ਲੋਕਾਂ ਦੀਆਂ ਆਸਾਂ ਤੇ ਉਮੰਗਾਂ ਨੂੰ ਪੂਰਾ ਕਰਨ ਲਈ ਕੋਈ ਕਸਰ ਨਹੀ ਛੱਡੇਗੀ ਅਤੇ ਲੋਕਾਂ ਦੀਆ ਭਾਵਨਾਵਾਂ ਤੇ ਖਰ੍ਹਾ ਉਤਰੇਗੀ। ਮੁੱਖ ਮੰਤਰੀ ਪੰਜਾਬ ਅੱਜ ਇਥੇ ਸੈਕਟਰ-82 ਵਿਖੇ ਰਣਬਾਜ ਮਲਟੀ ਸਪੈਸਲਿਟੀ ਹਸਪਤਾਲ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰੇ ਰਹੇ ਸਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਆਉਣ ਵਾਲੇ ਢਾਈ ਸਾਲਾਂ ਦੌਰਾਨ ਰਾਜ ਦੇ ਸਰਬ ਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਹਿਯੋਗੀ ਸਰਕਾਰ
ਸੂਬੇ ਨੂੰ ਦੇਸ਼ ਦਾ ਹਰ ਪੱਖੋ ਮੋਹਰੀ ਸੂਬਾ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਹੀ ਲੋਕਾਂ ਨੇ ਰਾਜ ਵਿੱਚ ਮੁੜ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਸੱਤਾ ਸੌਂਪੀ ਹੈ ਅਤੇ ਸਰਕਾਰ ਦਾ ਫਰਜ਼ ਹੈ ਕਿ ਉਹ ਲੋਕਾਂ ਦੀਆਂ ਆਸਾਂ ਤੇ ਪੂਰੀ ਉਤਰੇ। ਪੱਤਰਕਾਰਾਂ ਵੱਲੋਂ ਪੰਜਾਬ ਸਰਕਾਰ ਨੁੂੰ ਕੇਂਦਰੀ ਵਿੱਤ ਅਤੇ ਰੱਖਿਆ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਹਾਲ ਹੀ ਵਿੱਚ ਲਿਖੇ ਪੱਤਰ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਸ ਨੂੰ ਗਲਤ ਤਰੀਕੇ ਨਾਲ ਉਭਾਰਿਆ ਜਾ ਰਿਹਾ ਹੈ ਜੋ ਕਿ ਨਿਰਾਧਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਨਿੱਘੇ ਸਬੰਧ ਹਨ ਅਤੇ ਦੋਵਾਂ ਦਾ ਅਤੁੱਟ ਰਿਸ਼ਤਾ ਹੈ। ਉਨ੍ਹਾਂ ਹੋਰ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ। ਪੱਤਰਕਾਰਾਂ ਵੱਲੋਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇਨੈਲੋ ਨਾਲ ਕੀਤੇ ਗਠਜੋੜ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਮਿਲ ਕੇ ਚੋਣਾਂ ਲੜਨਾ ਇੱਕੋ ਇੱਕ ਨਿਸ਼ਾਨਾਂ ਕਾਂਗਰਸ ਨੂੰ ਹਰਿਆਣਾ ਵਿੱਚ ਬੁਰੀ ਤਰ੍ਹਾਂ ਹਰਾਉਣਾ ਹੈ। ਉਨ੍ਹਾ ਕਿਹਾ ਕਿ ਹਰਿਆਣਾ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਇਨੈਲੋ ਨਾਲ ਗਠਜੋੜ ਦਾ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਲਾਂ ਬੱਧੀ ਨਿੱਘੇ ਰਿਸਤੇ ਵਿੱਚ ਕੋਈ ਅਸਰ ਨਹੀਂ ਪਵੇਗਾ ਅਤੇ ਇਹ ਅਤੁੱਟ ਰਿਸ਼ਤਾ ਕਾਇਮ ਰਹੇਗਾ। ਹਸਪਤਾਲ ਦੇ ਉਦਘਾਟਨੀ ਸਮਾਰੋਹ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਰਾਜ ਨੂੰ ਦੇਸ਼ ਦੇ ਇੱਕ ਵਿਸ਼ਵ ਪੱਧਰੀ ਸਿਹਤ ਦੇ ਸੈਰ ਸਪਾਟਾ ਸਥਾਨ ਦੇ ਤੌਰ ਤੇ ਉਭਾਰ ਰਹੀਂ ਹੈ ਤਾਂ ਜੋ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਪੰਜਾਬੀ ਬਿਹਤਰ ਸਿਹਤ ਸਹੂਲਤਾਂ ਲੈਣ ਲਈ ਬਾਹਰ ਜਾਂਦੇ ਸਨ ਪਰੰਤੂ ਹੁਣ ਬਾਹਰੋ ਲੋਕੀ ਪੰਜਾਬ ਵਿੱਚ ਵਧੀਆ ਸਿਹਤ ਸਹੂਲਤਾਂ ਅਤੇ ਇਲਾਜ ਲਈ ਆਇਆ ਕਰਨਗੇ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਮੁਲਾਂਪੁਰ (ਨਿਉ ਚੰਡੀਗੜ੍ਹ) ਵਿਖੇ ਕੈਂਸਰ ਦੇ ਇਲਾਜ ਲਈ 400 ਬਿਸਤਰਿਆਂ ਦਾ ਹੋਮੀ ਭਾਭਾ ਕੈਂਸਰ ਟਰੀਟਮੈਂਟ ਐਂਡ ਰਿਸਰਚ ਸੈਂਟਰ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਠਿੰਡਾ ਅਤੇ ਸੰਗਰੂਰ ਵਿਖੇ ਵੀ ਅਲਟਰਾ ਮੋਡਰਨ ਕੈਂਸਰ ਟਰੀਟਮੈਂਟ ਸੈਂਟਰ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ ਵਿਖੇ ਸਰਕਾਰੀ ਮੈਡੀਕਲ ਕਾਲਜਾਂ ਵਿਖੇ ਕੈਂਸਰ ਦੇ ਮਰੀਜਾਂ ਦਾ ਇਲਾਜ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕੈਂਸਰ ਪੀੜਤਾਂ ਲਈ ਰਾਜ ਵਿੱਚ ਕੈਸਲੈਸ ਟਰੀਟਮੈਂਟ ਸਕੀਮ ਵੀ ਸ਼ੁਰੂ ਕੀਤੀ ਗਈ ਹੈ ਅਤੇ ਕੈਂਸਰ ਪੀੜਤਾਂ ਨੂੰ ਦਵਾਈਆਂ ਵੀ ਘੱਟ ਦਰ੍ਹਾਂ ਤੇ ਦਿੱਤੀਆਂ ਜਾਂਦੀਆਂ ਹਨ। ੍ਯਮੁੱਖ ਮੰਤਰੀ ਪੰਜਾਬ ਨੇ ਇਸ ਮੌਕੇ ਦੰਦਾਂ ਦੇ ਪ੍ਰਸਿੱਧ ਡਾਕਟਰ ਡਾ. ਰਣਦੀਪ ਸਿੰਘ ਮਾਨ ਅਤੇ ਸਮੁੱਚੇ ਪਰਿਵਾਰ ਨੂੰ ਥੋੜੇ ਸਮੇਂ ਵਿੱਚ ਹੀ ਐਸ.ਏ.ਐਸ.ਨਗਰ ਵਿਖੇ ਮਲਟੀਸਪੈਲਿਟੀ ਹਸਪਤਾਲ ਸਥਾਪਿਤ ਕਰਨ ਤੇ ਮੁਬਾਰਕਬਾਦ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਪੰਜਾਬ ਅਤੇ ਦੇਸ਼ ਦੇ ਹੋਰਨਾਂ ਰਾਜਾਂ ਅਤੇ ਐਨ.ਆਰ.ਆਈ ਨੂੰ ਵੀ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਮੀਲ ਪੱਥਰ ਸਾਬਤ ਹੋਵੇਗਾ। ਇਸ ਮੌਕੇ ਡਾ. ਰਣਦੀਪ ਸਿੰਘ ਮਾਨ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋ ਦਿੱਤੀ ਸੇਧ ਸਦਕਾ ਹੀ ਹਸਪਤਾਲ ਦੀ ਉਸਾਰੀ ਕੀਤੀ ਗਈ ਹੈ। ਉਨ੍ਹਾਂ ਇਸ ਮੋਕੇ ਹਸਪਤਾਲ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਦਿੱਤੇ ਸਹਿਯੋਗ ਲਈ ਵੀ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ। ਇਸ ਮੌਕੇ ਕੰਸਲਟੇਟ ਜਨਰਲ ਆਫ ਕੈਨੇਡਾ ਸ੍ਰੀਮਤੀ ਰਜਨੀ ਅਲੈਗਜਡਰ, ਮਿਸ਼ਨ ਹੈੱਡ ਬ੍ਰਿਟਿਸ ਹਾਈ ਕਮਿਸ਼ਨ ਸ੍ਰੀ ਚਰਨਜੀਤ ਬਛਰ, ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਅਤੇ ਸਾਇੰਸ ਡਾ. ਐਸ.ਐਸ. ਗਿੱਲ, ਸੀਨੀਅਰ ਅਕਾਲੀ ਆਗੂ ਅਤੇ ਐਮ.ਡੀ. ਜਨਤਾ ਲੈਂਡ ਪ੍ਰਮੋਟਰਜ ਸ੍ਰ. ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ, ਜ਼ਿਲ੍ਹਾ ਪੁਲਿਸ ਮੁਖੀ ਸ੍ਰ: ਇੰਦਰ ਮੋਹਨ ਸਿੰਘ ਭੱਟੀ, ਸਿਵਲ ਸਰਜਨ ਡਾ. ਨੀਲਮ ਭਾਰਦਵਾਜ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਮੌਜੂਦ ਸਨ।



