ਮੁੰਬਈ, 20 ਸਤੰਬਰ (ਪੀ.ਟੀ.)-ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਲਈ ਸੀਟਾਂ ਦੀ ਵੰਡ ਸਬੰਧੀ ਰੱਸਾਕਸ਼ੀ ਦੇ ਵਿਚਾਲੇ ਸ਼ਿਵ ਸੈਨਾ ਨੇ ਭਾਜਪਾ ਨੂੰ ਨਵੀਂ ਪੇਸ਼ਕਸ਼ ਭੇਜੀ ਹੈ। ਸੂਤਰਾਂ ਦੇ ਅਨੁਸਾਰ ਸ਼ਿਵ ਸੈਨਾ 288 ਵਿਚੋਂ 126 ਸੀਟਾਂ ਭਾਜਪਾ ਨੂੰ ਦੇਣ ਲਈ ਤਿਆਰ ਹੈ। ਸ਼ਿਵ ਸੈਨਾ ਆਪਣੇ ਕੋਲ 155 ਸੀਟਾਂ ਰੱਖਣਾ ਚਾਹੁੰਦੀ ਹੈ। ਸਵਾਭਿਮਾਨੀ ਸ਼ੇਤਕਾਰੀ ਸੰਗਠਨ ਨੂੰ ਸ਼ਿਵ ਸੈਨਾ ਨੇ ਆਪਣੇ ਕੋਟੇ ਵਿੱਚੋਂ 7 ਸੀਟਾਂ ਦੇਣ ਦੀ ਗੱਲ ਆਖੀ ਹੈ। ਆਰ ਪੀ ਆਈ ਨੂੰ ਭਾਜਪਾ ਦੇ ਕੋਟੇ ਵਿੱਚੋਂ 2 ਸੀਟਾਂ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਦੌਰਾਨ ਆਪੋਜੀਸ਼ਨ ਆਗੂ ਏਕਨਾਥ ਖੜਸੇ ਦੀ ਰਿਹਾਇਸ਼ ਵਿਖੇ ਪਾਰਟੀ ਦੀ ਸਟੇਟ ਕੋਰ ਕਮੇਟੀ ਦੀ ਮੀਟਿੰਗ ਦੇ ਬਾਅਦ ਮਹਾਰਾਸ਼ਟਰ ਭਾਜਪਾ ਦੇ ਚੋਣ ਇਨਚਾਰਜ ਓਮ ਮਾਥਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਿਵ ਸੈਨਾ ਵੱਲੋਂ ਸਾਨੂੰ ਕੋਈ ਨਵੀਂ ਪੇਸ਼ਕਸ਼ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਉਮੀਦਵਾਰਾਂ ਦੀ ਸੂਚੀ ਦਿੱਲੀ ’ਚ ਭਾਜਪਾ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਪੇਸ਼ ਕਰਾਂਗੇ।



