ਲੇਹ/ ਨਵੀਂ ਦਿੱਲੀ, 19 ਸਤੰਬਰ (ਪੀ. ਟੀ.)- ਪੂਰਬ ਉੱਤਰ ਲਦਾਖ਼ ਦੇ ਚੁਮਾਰ ਖੇਤਰ ’ਚ 4 ਦਿਨਾਂ ਤੱਕ ਤਣਾਅ ਵਾਲੀ ਸਥਿਤੀ ਤੋਂ ਬਾਅਦ ਵੀਰਵਾਰ ਰਾਤ ਨੂੰ ਚੀਨੀ ਫੌਜੀਆਂ ਨੇ ਭਾਰਤੀ ਇਲਾਕੇ ’ਚੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ।ਅਧਿਕਾਰਕ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਚੀਨੀ ਫੌਜੀ ਰਾਤ 9 ਵੱਜ ਕੇ 45 ਮਿੰਟ ਤੋਂ ਆਪਣੇ ਖੇਤਰ ’ਚ ਵਾਪਸ ਜਾਣ ਲੱਗੇ। ਉਨ੍ਹਾਂ ਨੇ ਕਿਹਾ ਕਿ ਲੇਹ ਤੋਂ 300 ਕਿਲੋਮੀਟਰ ਦੂਰ ਪੂਰਬ ’ਚ ਸਥਿਤ ਇਸ ਖੇਤਰ ’ਚ ਭਾਰੀ ਗਿਣਤੀ ’ਚ ਮੌਜੂਦ ਭਾਰਤੀ ਫੌਜੀਆਂ ਨੇ ਵੀ ਆਪਣੀ ਗਿਣਤੀ ਨੂੰ ਘੱਟ ਕਰਨਾ ਸ਼ੁਰੂ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਸਥਿਤੀ ’ਤੇ ਸਖ਼ਤ ਨਜ਼ਰੀ ਰੱਖੀ ਜਾ ਰਹੀ ਹੈ ਕਿਉਂਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਅਸਲ ਕੰਟਰੋਲ ਰੇਖਾ ਦੇ ਕੋਲ ਬੈਠੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ
ਫ਼ਿਲਹਾਲ ਦੇਮਚਕ ’ਚ ਆਹਮੋ-ਸਾਹਮਣੇ ਦੀ ਸਥਿਤੀ ਬਣੀ ਹੋਈ ਹੈ, ਜਿਥੇ ਚੀਨੀ ਖ਼ਾਨਾਬਦੋਸ਼ ਰੇਬੋ ਪਿਛਲੇ 12 ਦਿਨਾਂ ਤੋਂ ਟੈਂਟ ਲਗਾਕੇ ਬੈਠੇ ਹੋਏ ਹਨ। ਇਸ ਭਾਰਤੀ ਖੇਤਰ ’ਚ 500 ਮੀਟਰ ਅੰਦਰ ਤੱਕ ਘੁਸਪੈਠ ਹੋਈ ਹੈ।ਚੀਨੀ ਖ਼ਾਨਾਬਦੋਸ਼ ਪੀ.ਐਲ.ਏ. ਦੀ ਸਥਾਨਿਕ ਲੋਕਾਂ ਦੁਆਰਾ ਖੇਤੀ ਲਈ ਇਕ ਨਹਿਰ ਦੇ ਨਿਰਮਾਣ ਦਾ ਵਿਰੋਧ ਕਰਨ ’ਚ ਵੱਧ ਚੜ੍ਹ ਕੇ ਮਦਦ ਕਰ ਰਹੇ ਹਨ।