June 20, 2026 7:28 pm

ਪੰਜਾਬ ’ਚ ਨਿਵੇਸ਼ ਉਤਸ਼ਾਹਿਤ ਕਰਨ ਸਬੰਧੀ ਦੌਰੇ ਦੇ ਪਹਿਲੇ ਦਿਨ ਸੁਖਬੀਰ ਸਿੰਘ ਬਾਦਲ ਨੂੰ ਵੱਡੀ ਸਫਲਤਾ

ਬੀ.ਐ¤ਸ.ਏ. ਸਾਈਕਲ ਅਤੇ ਅਪੋਲੋ ਹਸਪਤਾਲ ਗਰੁੱਪ ਪੰਜਾਬ ਅੰਦਰ ਵੱਡੇ ਨਿਵੇਸ਼ ਕਰਨਗੇ
Page-1_03  ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ -ਜਲੰਧਰ/ਚੇਨੱਈ, 18 ਸਤੰਬਰ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਅੰਦਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਦੌਰੇ ਦੇ ਪਹਿਲੇ ਦਿਨ ਅੱਜ ਉਦੋਂ ਉਨ੍ਹਾਂ ਨੂੰ ਵੱਡੀ ਸਫਲਤਾ ਮਿਲੀ ਜਦੋਂ ਦੇਸ਼ ਦੇ ਦੂਸਰੇ ਸੱਭ ਤੋਂ ਵੱਡੇ ਸਾਈਕਲ ਨਿਰਮਾਤਾ ਬੀ.ਐਸ.ਏ. ਅਤੇ ਅਪੋਲੋ ਹਸਪਤਾਲ ਗਰੁੱਪ ਵੱਲੋਂ ਪੰਜਾਬ ਅੰਦਰ ਵੱਡੇ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ।  ਮੁਰੂਗੁੱਪਾ ਗਰੁਪ ਨੇ ਆਪਣੀ ਸਾਈਕਲ ਕੰਪਨੀ ਬੀ.ਐਸ.ਏ. ਦਾ ਸਾਈਕਲ ਨਿਰਮਾਣ ਪਲਾਂਟ ਰਾਜਪੁਰਾ ਵਿਖੇ ਸਥਾਪਿਤ ਕਰਨ ਦਾ ਵਾਅਦਾ ਕੀਤਾ ਜਦੋਂਕਿ ਅਪੋਲੋ ਹਸਪਤਾਲ ਗਰੁੱਪ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਵ ਪੱਧਰੀ ਹਸਪਤਾਲ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ। ਦੌਰੇ

ਦੇ ਪਹਿਲੇ ਦਿਨ ਅੱਜ ਸਵੇਰ ਦੀ ਪਹਿਲੀ ਮੁਲਾਕਾਤ ਦੌਰਾਨ ਮੁਰੂਗੁੱਪਾ ਗਰੁੱਪ ਦੇ ਚੇਅਰਮੈਨ ਸ੍ਰੀ ਐਲ ਰਾਮਕੁਮਾਰ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਦਾ ਮੁਹਾਲੀ ਵਿਖੇ ਟਿਊਬ ਬਨਾਉਣ ਦਾ ਪਲਾਂਟ ਹੈ ਅਤੇ ਹੁਣ ਉਹ ਰਾਜਪੁਰਾ ਵਿਖੇ ਵਿਸ਼ਵ ਪੱਧਰ ਦੇ ਸਾਈਕਲ ਬਨਾਉਣ ਦਾ ਯੂਨਿਟ ਸਥਾਪਤ ਕਰਨਾ ਚਾਹੁੰਦੇ ਹਨ। ਸ੍ਰੀ ਰਾਮਕੁਮਾਰ ਨੇ ਕਿਹਾ ਕਿ ਕੰਪਨੀ ਵੱਲੋਂ ਪਹਿਲਾਂ ਤੋਂ ਹੀ ਇਸ ਪ੍ਰੋਜੈਕਟ ’ਤੇ ਨਿਵੇਸ਼ ਲਈ 200 ਕਰੋੜ ਰੁਪਏ ਤੈਅ ਕਰ ਲਏ ਗਏ ਹਨ ਅਤੇ ਹੁਣ ਕੰਪਨੀ ਯੂਨਿਟ ਲਈ ਲੋੜੀਂਦੀ 60 ਤੋਂ 70 ਏਕੜ ਜਮੀਨ ਦੀ ਭਾਲ ਕਰ ਰਹੀ ਹੈ। ਸ੍ਰੀ ਰਾਮਕੁਮਾਰ ਨੇ ਕਿਹਾ ਕਿ ਪੰਜਾਬ ਅੰਦਰਲੇ ਨਿਵੇਸ਼ ਪੱਖੀ ਮਾਹੌਲ ਅਤੇ ਮਜਦੂਰਾਂ ਨਾਲ ਸਬੰਧਤ ਝਗੜੇ ਨਾ ਦੇ ਬਰਾਬਰ ਹੋਣ ਕਾਰਨ ਉਹ ਪੰਜਾਬ ’ਚ ਨਿਵੇਸ਼ ਕਰਨ ਲਈ ਪਹਿਲਾਂ ਤੋਂ ਹੀ ਸੋਚ ਰਹੇ ਸਨ ਅਤੇ ਹੁਣ ਰਾਜ ਸਰਕਾਰ ਵੱਲੋਂ ਨਿਵੇਸ਼ ਲਈ ਦਿੱਤੇ ਜਾ ਰਹੇ ਲਾਭਾਂ ਨੂੰ ਦੇਖਦਿਆਂ ਉਹ ਜਲਦ ਹੀ ਵੱਡੇ ਨਿਵੇਸ਼ ਕਰਕੇ ਇੰਨ੍ਹਾ ਦਾ ਲਾਭ ਉਠਾਉਣਾ ਚਾਹੁੰਦੇ ਹਨ।          ਰਾਜਪੁਰਾ ਵਿਖੇ ਸਾਈਕਲ ਯੂਨਿਟ ਸਥਾਪਿਤ ਕਰਨ ’ਚ ਰਾਜ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਮੁਰੂਗੁੱਪਾ ਗਰੁੱਪ ਨੂੰ ਯਕੀਨ ਦਿਵਾਉਂਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਸਰਕਾਰ ਦੀ ਨਵੀਂ ਸਨਅਤੀ ਨੀਤੀ ਤਹਿਤ 80 ਫੀਸਦੀ ਤੱਕ ਵੈਟ ਦਾ ਫਾਇਦਾ ਮਿਲਣ ਕਾਰਨ ਬੀ.ਐਸ.ਏ ਬਾਈਸਾਈਕਲ ਨੂੰ ਖਿੱਤੇ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਬਲੇ ਦਾ ਸਾਹਮਣਾ ਕਰਨ ’ਚ ਆਸਾਨੀ ਹੋਵੇਗੀ। 
ਸ. ਸੁਖਬੀਰ ਸਿੰਘ ਬਾਦਲ ਵੱਲੋਂ ਅਪੋਲੋ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ। ਉਨ੍ਹਾਂ ਨੂੰ ਇਥੇ ਅਪੋਲੋ ਗਰੁੱਪ ਵੱਲੋਂ ਆਪਣੀ 31ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸੱਦਿਆ ਗਿਆ ਸੀ। ਇਸ ਮੌਕੇ ਅਪੋਲੋ ਹਸਪਤਾਲ ਗਰੁੱਪ ਦੇ ਚੇਅਰਮੈਨ ਪ੍ਰਾਥਾਪ ਸੀ ਰੈਡੀ ਨੇ ਐਲਾਨ ਕੀਤਾ ਕਿ ਗਰੁੱਪ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਵ ਪੱਧਰ ਦਾ ਹਸਪਤਾਲ ਸਥਾਪਿਤ ਕੀਤਾ ਜਾਵੇਗਾ ਜਿਸ ਦਾ ਨਾ ਸਿਰਫ ਪੰਜਾਬੀਆਂ ਨੂੰ ਲਾਭ ਹੋਵੇਗਾ ਬਲਕਿ ਐਨ.ਆਰ.ਆਈ ਅਤੇ ਵਿਸ਼ਵ ਭਰ ਤੋਂ ਮਰੀਜ ਇਥੇ ਇਲਾਜ ਕਰਵਾਉਣ ਆਉਣਗੇ।
ਸ੍ਰੀ ਰੈਡੀ ਨੇ ਐਲਾਨ ਕੀਤਾ ਕਿ ਅਪੋਲੋ ਹਸਪਤਾਲ ਗਰੁੱਪ ਦੀ ਇੱਕ ਟੀਮ ਪੰਦਰਾਂ ਦਿਨਾਂ ਦੇ ਅੰਦਰ ਪੰਜਾਬ ਦਾ ਦੌਰਾ ਕਰੇਗੀ ਅਤੇ ਉਹ ਖੁਦ ਵੀ ਜਲਦੀ ਹੀ ਪੰਜਾਬ ਦਾ ਦੌਰਾ ਕਰਦਿਆਂ ਇਹ ਨਿਸ਼ਚਿਤ ਕਰਨਗੇ ਕਿ ਇਹ ਪ੍ਰੋਜੈਕਟ ਜਲਦੀ ਤੋਂ ਜਲਦੀ ਪੁੂਰਾ ਹੋਵੇ। ਇਸ ਮੌਕੇ ਸ੍ਰੀ ਰੈਡੀ ਨੇ ਖੁਲਾਸਾ ਕੀਤਾ ਕਿ ਅਪੋਲੋ ਹਸਪਤਾਲ ਪੰਜਾਬ ਅੰਦਰ ਮੈਡੀਕਲ ਸਿੱਖਿਆ ਦੇ ਪ੍ਰਸਾਰ ’ਚ ਵੀ ਇਛੁੱਕ ਹੈ ਤਾਂ ਕਿ ਇਸ ਖੇਤਰ ’ਚ ਲੋੜੀਂਦੇ ਮਾਹਿਰਾਂ ਦੀ ਕਮੀ ਪੂਰੀ ਕੀਤੀ ਜਾ ਸਕੇ। ਇਸ ਦੇ ਜਵਾਬ ’ਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਪੋਲੋ ਹਸਪਤਾਲ ਗਰੁੱਪ ਨੂੰ ਇਸ ਕਾਰਜ ਲਈ ਰਾਜ ਅੰਦਰ ਆਪਣੀ ਯੂਨੀਵਰਸਿਟੀ ਕਾਇਮ ਕਰਨ ਲਈ ਹਰ ਪ੍ਰਵਾਨਗੀ ਦੇਣ ਲਈ ਤਿਆਰ ਹੈ। ਸ. ਸੁਖਬੀਰ ਸਿੰਘ ਬਾਦਲ ਵੱਲੋਂ ਸੰਕਰ ਨੇਤਰਾਲਯ ਦਾ ਦੌਰਾ ਵੀ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਸੰਸਥਾ ਦੇ ਉਪ ਚੇਅਰਮੈਨ ਡਾ. ਟੀ.ਐਸ. ਸੁਰੇਂਦਰਨ ਨਾਲ ਵਿਚਾਰ ਚਰਚਾ ਵੀ ਕੀਤੀ।
ਉਪ ਮੁੱਖ ਮੰਤਰੀ ਨੇ ਸੰਕਰ ਨੇਤਰਾਲਯ ਨੂੰ ਸੱਦਾ ਦਿੱਤਾ ਕਿ ਸੰਸਥਾ ਪੰਜਾਬ ਅੰਦਰ ਵੀ ਅਜਿਹਾ ਚੈਰੀਟੇਬਲ ਹਸਪਤਾਲ ਸਥਾਪਿਤ ਕਰਨ ’ਚ ਮਦਦ ਕਰੇ। ਸ਼ਾਮ ਨੂੰ ਇੱਕ ਹੋਰ ਮੀਟਿੰਗ ਦੌਰਾਨ ਟੈਫੇ ਗਰੁੱਪ ਦੀ ਚੇਅਰਪਰਸਨ ਅਤੇ ਸੀ.ਈ.ਓ ਮੱਲੀਕਾ ਸ੍ਰੀਨਿਵਾਸਨ ਨੂੰ ਮਿਲੇ। ਇਸ ਦੌਰਾਨ ਸ. ਬਾਦਲ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਨਿਵੇਸ਼ਕਾਂ ਲਈ ਸ਼ੁਰੂ ਕੀਤੀ ਗਈ ਸਿੰਗਲ ਵਿੰਡੋ ਪ੍ਰਵਾਨਗੀ ਪ੍ਰਣਾਲੀ ਅਤੇ ਹੋਰ ਲਾਭਾਂ ਬਾਰੇ ਜਾਣੂੰ ਕਰਵਾਇਆ। ਇਸ ਉਪਰੰਤ ਉਹ ਆਟੋ ਪਾਰਟ ਬਨਾਉਣ ਵਾਲੇ ਰਾਨੇ ਗਰੁੱਪ ਦੇ ਚੇਅਰਮੈਨ ਸ੍ਰੀ ਹਰੀਸ਼ ਲਛਮਣ ਨੂੰ ਮਿਲੇ। ਮੀਟਿੰਗ ਦੌਰਾਨ ਸ੍ਰੀ ਲਛਮਣ ਨੇ ਸੂਬੇ ਅੰਦਰ ਗਰੁੱਪ ਦੇ ਨਿਵੇਸ਼ ਨੂੰ ਵਧਾਉਣ ਸਬੰਧੀ ਵਿਚਾਰ ਚਰਚਾ ਕੀਤੀ। ਇਸ ਦੌਰੇ ’ਤੇ ਉਪ ਮੁੱਖ ਮੰਤਰੀ ਨਾਲ ਉਚ ਅਧਿਕਾਰੀਆਂ ਦੀ ਟੀਮ ਜਿੰਨ੍ਹਾਂ ’ਚ ਸ੍ਰੀ ਅਨਿਰੁਧ ਤਿਵਾੜੀ, ਸ. ਕਰਨ ਅਵਤਾਰ ਸਿੰਘ, ਸ੍ਰੀ ਡੀ.ਕੇ. ਤਿਵਾੜੀ ਅਤੇ ਸ. ਮਨਵੇਸ਼ ਸਿੱਧੂ ਸ਼ਾਮਿਲ ਹਨ ਤੋਂ ਇਲਾਵਾ ਉਨ੍ਹਾਂ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ ਵੀ ਸ਼ਾਮਿਲ ਹਨ।

Send this to a friend