ਚੰਡੀਗੜ੍ਹ, 15 ਸਤੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਲਗਦ ਨੇ ਕਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦੀ ਸਹੂਲਤ ਦੇ ਲਈ ‘ਸਿੰਗਲ ਵਿੰਡੋ ਸਿਸਟਮ’ ਸ਼ੁਰੂ ਕੀਤਾ ਜਾਵੇਗਾ। ਜ਼ਿਲ੍ਹਾ ਪੱਧਰ ’ਤੇ ਰਿਟਰਨਿੰਗ ਅਧਿਕਾਰੀ ਦੀ ਅਗਵਾਈ ਵਿਚ ਸਥਾਪਤ ਕੀਤੇ ਜਾਣ ਵਾਲੇ ਇਸ ਸਿਸਟਮ ਤੋਂ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਵਾਹਨ, ਲਾਊਡ ਸਪੀਕਰ, ਰੂਟ ਆਦਿ ਦੀ ਆਗਿਆ ਇਕ ਹੀ ਥਾਂ ’ਤੇ ਆਸਾਨੀ ਦੇ ਨਾਲ ਪ੍ਰਾਪਤ ਹੋ ਸਕੇਗੀ। ਸ੍ਰੀ ਵਲਗਦ ਅੱਜ ਰਾਜਨੀਤਕ ਪਾਰਟੀਆਂ ਦੇ ਪ੍ਰਤੀਨਿੱਧਾਂ ਦੇ ਨਾਲ ਚੋਣ ਪ੍ਰਕ੍ਰਿਆ ਦੇ ਸਬੰਧ ਵਿਚ ਆਯੋਜਿਤ ਮੀਟਿੰਗ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਪ੍ਰਣਾਲੀ ਰਾਜ ਦੇ ਸਾਰੇ ਵਿਧਾਨ ਸਭਾ ਖੇਤਰਾਂ ਵਿਚ ਲਾਗੂ ਰਹੇਗੀ ਅਤੇ ਉਮੀਦਵਾਰਾਂ ਦੀ ਮਦਦ ਦੇ ਲਈ ਇਕ ਹੈਲਪਲਾਈਨ ਨੰਬਰ ਦਿੱਤਾ ਜਾਵੇਗਾ। ਸਾਰੀਆਂ ਪਾਰਟੀਆਂ ਨੂੰ ਚੋਣ ਜਬਤਾ ਸਖਤੀ ਨਾਲ ਲਾਗੂ ਕਰਨ ਅਤੇ ਚੋਣ ਖਰਚ ਦੀ ਜਾਣਕਾਰੀ
ਸਮੇਂ ਸਿਰ ਉਪਲੱਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਕਿਸੇ ਵੀ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਦੇ ਦੌਰਾਨ ਦਿੱਤੇ ਜਾਣ ਵਾਲੇ ਸਹੁੰ ਪੱਤਰ ਵਿਚ ਕੋਈ ਕੀ ਕਾਲਮ ਖਾਲੀ ਨਹੀਂ ਛੱਡਿਆ ਜਾਵੇਗਾ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸੂਬੇ ਦੇ 6 ਵਿਧਾਨ ਸਭਾ ਖੇਤਰਾਂ ਵਿਚ ਹਰਿਆਣਾ ਦੇ ਇਤਿਹਾਸ ਵਿਚ ਪਹਿਲੀ ਵਾਰ ਵੋਟਿੰਗ ਮਸ਼ੀਨ ਵਿਚ ‘ਵੀ ਵੀ ਪੈਟ’ ਪ੍ਰਣਾਲੀ ਲਾਗੂ ਕੀਤੀ ਗਈ ਹੈ।