ਨਵੀਂ ਦਿੱਲੀ, 13 ਸਤੰਬਰ (ਪੀ. ਟੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਆਉਂਦੇ ਦਿਨਾਂ ’ਚ ਅਮਰੀਕਾ ਦੇ ਰਾਸ਼ਟਰਪਤੀ ਸ੍ਰੀ ਬਰਾਕ ਓਬਾਮਾ ਨਾਲ ਹੋਣ ਵਾਲੀ ਮੁਲਾਕਾਤ ਦੌਰਾਨ ਅਮਰੀਕਾ ਵਿਚਲੇ ਸਿੱਖ ਭਾਈਚਾਰੇ ਨਾਲ ਸਬੰਧਤ ਮਸਲਿਆਂ ਨੂੰ ਜ਼ੋਰ ਨਾਲ ਉਭਾਰਨ ਦੀ ਮੰਗ ਕੀਤੀ।ਅੱਜ ਇਥੇ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਦੀ ਰਿਹਾਇਸ਼ ’ਤੇ ਮੀਟਿੰਗ ਦੌਰਾਨ ਸਿੱਖ ਆਗੂਆਂ ਦੇ ਇਕ ਵਫਦ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਬਾਦਲ ਨੇ ਸ੍ਰੀਮਤੀ ਸਵਰਾਜ ਨੂੰ ਕਿਹਾ ਕਿ ਅਮਰੀਕਾ ਵਿਚ ਰਹਿੰਦੇ ਸਿੱਖਾਂ ਦੇ ਬਹੁਤ ਸਾਰੇ ਮਸਲਿਆਂ ਨੂੰ ਤਰਜ਼ੀਹ ਦੇਣਾ ਬਹੁਤ ਲਾਜ਼ਮੀ ਹੈ ਜੋ ਕਿ ਪ੍ਰਧਾਨ ਮੰਤਰੀ ਵੱਲੋਂ ਸ੍ਰੀ ਬਰਾਕ ਓਬਾਮਾ ਨਾਲ ਕੀਤੀ ਜਾਣ ਵਾਲੀ ਮੀਟਿੰਗ ਦੇ ਏਜੰਡੇ ਵਿਚ ਸ਼ੁਮਾਰ ਕੀਤੇ ਜਾਣੇ ਚਾਹੀਦੇ ਹਨ। ਸ੍ਰੀਮਤੀ ਸੁਸ਼ਮਾ
ਸਵਰਾਜ ਨੂੰ ਸਿੱਖ ਮਸਲਿਆਂ ਬਾਰੇ ਜਾਣੂ ਕਰਵਾਉਂਦਿਆਂ ਸ਼੍ਰੀ ਬਾਦਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿਚ ਸਿੱਖਾਂ ਨੂੰ ਆਪਣੀ ਪਛਾਣ ਅਤੇ ਬਾਣੇ ਕਾਰਨ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਬਾਦਲ ਨੇ ਸ੍ਰੀਮਤੀ ਸਵਰਾਜ ਤੋਂ ਮੰਗ ਕੀਤੀ ਕਿ ਉਹ ਸਿੱਖ ਮਸਲਿਆਂ ਨੂੰ ਪ੍ਰਧਾਨ ਮੰਤਰੀ ਵੱਲੋਂ ਵਿਚਾਰੇ ਜਾਣ ਵਾਲੇ ਮੁੱਦਿਆਂ ਦੀ ਸੂਚੀ ਵਿਚ ਸ਼ੁਮਾਰ ਕਰਨ ਨੂੰ ਯਕੀਨੀ ਬਣਾਉਣ।ਸ੍ਰੀ ਬਾਦਲ ਨੇ ਵਿਦੇਸ਼ ਮੰਤਰੀ ਤੋਂ ਮੰਗ ਕੀਤੀ ਕਿ ਉਹ ਰਹਿੰਦੇ ਪੰਜਾਬੀਆਂ ਨੂੰ ਵੀ ਇਰਾਕ ਵਿਚੋਂ ਸੁਰੱਖਿਅਤ ਢੰਗ ਨਾਲ ਜਲਦ ਤੋਂ ਜਲਦ ਵਾਪਸ ਲਿਆਉਣ। ਵਫਦ ਵਿਚ ਸ੍ਰੀ ਬਾਦਲ ਨਾਲ ਰਾਜ ਸਭਾ ਮੈਂਬਰ ਸ੍ਰੀ ਨਰੇਸ਼ ਗੁਜਰਾਲ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੀ ਸ਼ਾਮਲ ਸਨ।