ਚੰਡੀਗੜ੍ਹ, 12 ਸਤੰਬਰ (ਪੀ. ਟੀ)- ਜੰਮੂ ਅਤੇ ਕਸ਼ਮੀਰ ਵਿੱਚ ਹੜ੍ਹਾਂ ਕਾਰਨ ਆਈ ਭਿਆਨਕ ਤਬਾਹੀ ਨਾਲ ਪ੍ਰਭਾਵਿਤ ਹੋਏ ਪਰਿਵਾਰਾਂ ਦੀ ਸਹਾਇਤਾ ਲਈ ਪੰਜਾਬ ਭਰ ਵਿੱਚੋਂ ਇਕੱਠੀ ਹੋ ਰਹੀ ਰਾਹਤ ਸਮੱਗਰੀ ਨੂੰ ਹੜ੍ਹ ਪੀੜਤਾਂ ਤੱਕ ਪਹੁੰਚਾਣ ਲਈ ਪੰਜਾਬ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਲੁਧਿਆਣਾ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰਾਂ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ। ਪੰਜਾਬ ਸਰਕਾਰ ਦੇ ਬੁਲਾਰੇ ਵੱਲੋਂ ਅੱਜ ਇਥੇ ਦਿੱਤੀ ਜਾਣਕਾਰੀ ਅਨੁਸਾਰ ਨੋਡਲ ਅਧਿਕਾਰੀ ਵਜੋਂ ਨਿਯੁਕਤ ਕੀਤੇ ਇਹ ਡਿਪਟੀ ਕਮਿਸ਼ਨਰ ਹੋਰਨਾਂ ਸੂਬਿਆਂ ਦੇ ਡਿਪਟੀ ਕਸ਼ਿਮਨਰਾਂ ਨਾਲ ਤਾਲਮੇਲ ਕਾਇਮ ਕਰ ਕੇ ਸਮੂਹ ਜ਼ਿਲ੍ਹਿਆਂ ਵਿੱਚੋਂ ਇਕੱਠੀ ਹੋ ਰਹੀ ਰਾਹਤ ਸਮੱਗਰੀ ਨੂੰ ਨਿਸ਼ਚਿਤ ਦੱਸੀ ਹੋਈ ਥਾਂ ’ਤੇ ਪਹੁੰਚਾਣਗੇ। ਇਸ ਤੋਂ ਇਲਾਵਾ ਚੰਡੀਗੜਵ ਸਥਿਤ ਪੰਜਾਬ ਸਿਵਲ ਸਕੱਤਰੇਤ-1 ਵਿਖੇ ਸਿਵਲ ਕੰਟਰੋਲ ਰੂਮ ਵਿੱਚ ਸੀਨੀਅਰ ਸਹਾਇਕ ਵਜੋਂ ਤਾਇਨਾਤ ਦਵਿੰਦਰ ਸਿੰਘ ਨੂੰ ਰਾਜ ਪੱਧਰ ’ਤੇ ਨੋਡਲ ਅਧਿਕਾਰੀ
ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਆਦੇਸ਼ ਦਿੱਤੇ ਹਨ ਕਿ ਰਾਹਤ ਸਮਗੱਰੀ ਨੂੰ ਤੇਜ਼ੀ ਨਾਲ ਇਕੱਠਾ ਕਰ ਕੇ ਹੜ੍ਹ ਪੀੜਤ ਪਰਿਵਾਰਾਂ ਤੱਕ ਸੁਖਾਲਿਆ ਪਹੁੰਚਾਣ ਲਈ ਆਪੋ-ਆਪਣੇ ਜ਼ਿਲੇ ਵਿੱਚ ਨੋਡਲ ਅਧਿਕਾਰੀ ਨਿਯੁਕਤ ਕਰਨ ਨੂੰ ਕਿਹਾ ਗਿਆ ਹੈ।
ਸਰਕਾਰੀ ਬੁਲਾਰੇ ਨੇ ਇਹ ਵੀ ਦੱਸਿਆ ਕਿ ਅੱਜ 12 ਸਤੰਬਰ ਨੂੰ ਸੂਬੇ ਦੀਆਂ ਵੱਖ-ਵੱਖ ਥਾਵਾਂ ਤੋਂ ਇਕੱਤਰ ਕੀਤੇ ਖਾਣੇ ਦੇ ਇਕ ਲੱਖ ਪੈਕੇਟ ਜੰਮੂ ਕਸ਼ਮੀਰ ਲਈ ਰਵਾਨਾ ਕੀਤੇ ਗਏ। ਇਸ ਦੇ ਨਾਲ ਹੀ ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੜ੍ਹ ਪੀੜਤ ਪਰਿਵਾਰਾਂ ਲਈ ਖਾਣੇ ਦੇ ਪੈਕੇਟਾਂ ਦੇ ਨਾਲ ਕੰਬਲਾਂ ਦਾ ਵੀ ਪ੍ਰਬੰਧ ਕਰ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਫਰੀਦਕੋਟ, ਗੁਰਦਾਸਪੁਰ, ਨਵਾਂਸ਼ਹਿਰ ਤੇ ਹੁਸ਼ਿਆਰਪੁਰ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਲੁਧਿਆਣਾ, ਪਟਿਆਲਾ, ਸੰਗਰੂਰ ਤੇ ਪਟਿਆਲਾ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਮੁਹਾਲੀ, ਫਤਿਹਗੜ੍ਹ ਸਾਹਿਬ ਤੇ ਰੋਪੜ ਜ਼ਿਲ੍ਹਿਆਂ ਵਿੱਚੋਂ ਇਕੱਠੀ ਕੀਤੀ ਜਾ ਰਹੀ ਰਾਹਤ ਸਮੱਗਰੀ ਦਾ ਕੰਮ ਵੇਖਣਗੇ।