ਚੰਡੀਗੜ੍ਹ, 12 ਸਤੰਬਰ (ਪੀ. ਟੀ)- ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਭਲਾਈ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਵੱਲੋਂ ਸਹਾਇਕ ਧੰਦਿਆਂ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਮਕਸਦ ਨਾਲ ਸੂਬੇ ਦੇ ਪੰਜ ਜ਼ਿਲ੍ਹਿਆਂ ‘ਚ ਡੇਅਰੀ ਸਿਖਲਾਈ ਕੋਰਸ ਦਾ ਤੀਜਾ ਬੈਚ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਅਗਲੇ ਮਹੀਨੇ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਦੁੱਧ ਉਤਪਾਦਕਾਂ ਨੂੰ ਨਵੀਆਂ ਤਕਨੀਕਾਂ, ਦੁੱਧ ਤੋਂ ਬਣਨ ਵਾਲੀਆਂ ਵੱਖ-ਵੱਖ ਵਸਤਾਂ ਅਤੇ ਆਧੁਨਿਕ ਡੇਅਰੀ ਫਾਰਮਿੰਗ ‘ਚ ਵਰਤੀਆਂ ਜਾਂਦੀਆਂ ਵਿਧੀਆਂ ਦੀ ਜਾਣਕਾਰੀ ਦੇਣ ਲਈ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ, ਬੀਜਾ (ਲੁਧਿਆਣਾ), ਚਤਾਮਲੀ (ਰੋਪੜ), ਵੇਰਕਾ (ਅੰਮ੍ਰਿਤਸਰ), ਗਿੱਲ (ਮੋਗਾ) ਅਤੇ ਅਬੁੱਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ) ਵਿਖੇ 13 ਅਕਤੂਬਰ, 2014 ਨੂੰ ਕੋਰਸ ਸ਼ੁਰੂ ਕੀਤਾ ਜਾਣਾ ਹੈ। ਸਿਖਲਾਈ ਦਾ ਸਮਾਂ 45 ਦਿਨਾਂ ਦਾ ਹੋਵੇਗਾ ਅਤੇ ਯੋਗ
ਉਮੀਦਵਾਰਾਂ ਵੱਲੋਂ ਦਿੱਤੀਆਂ ਦਰਖਾਸਤਾਂ ਦੇ ਆਧਾਰ ਉੱਤੇ ਚੋਣ 22 ਸਤੰਬਰ, 2014 ਨੂੰ ਕੀਤੀ ਜਾਵੇਗੀ। ਇਸ ਸਿਖਲਾਈ ਕੋਰਸ ਵਿੱਚ ਦੁੱਧ ਉਤਪਾਦਕਾਂ ਨੂੰ ਦੁੱਧ ਪ੍ਰੋਸੈਸਿੰਗ ਦੀ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਪਸ਼ੂਆਂ ਦੀ ਨਸਲ ਸੁਧਾਰ ਲਈ ਵੀ ਖਾਸ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਪ੍ਰਾਸਪੈਕਟਸ, ਫੀਸ ਅਤੇ ਹੋਰ ਜ਼ਰੂਰੀ ਜਾਣਕਾਰੀ ਜ਼ਿਲ੍ਹਾ ਦਫਤਰਾਂ ਤੇ ਉਕਤ ਸਿਖਲਾਈ ਕੇਂਦਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਦਾਖਲਾ ‘ਪਹਿਲਾਂ ਆਓ ਪਹਿਲਾਂ ਪਾਓ’ ਦੇ ਆਧਾਰ ‘ਤੇ ਹੋਵੇਗਾ।