June 17, 2026 11:47 am

ਨਾਨਕਚੰਦ ਨੇ ਅਹਿਮ ਗਵਾਹੀ ਦਰਜ ਕਰਵਾਈ

ਅਗਲੀ ਸੁਣਵਾਈ 26 ਸਤੰਬਰ ਨੂੰ
ਕਮਿਸ਼ਨ ਦੀ ਮਿਆਦ 30 ਸਤੰਬਰ ਤੱਕ

Page-1_17 ਹਿਸਾਰ, 11ਸਤੰਬਰ (ਪੀ. ਟੀ)- ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਤੁਰੰਤ ਬਾਅਦ ਸਰਕਾਰੀ ਸਹਿ ਪ੍ਰਾਪਤ ਗੁੰਡਿਆਂ ਅਤੇ ਸਰਕਾਰੀ ਤੰਤਰ ਵਲੋਂ ਹਰਿਆਣੇ ਜਿਲੇ ਦੇ ਰੇਵਾੜੀ  ਪਿੰਡ ‘ਹਂੋਦ’ ਨੂੰ ਤਹਿਸ ਨਹਿਸ ਕਰ 32 ਸਿੱਖਾਂ ਦਾ ਕਤਲ ਕਰ ਦਿਤਾ ਗਿਆ ਸੀ । ਇਸੇ ਸਬੰਧੀ ਚਿੱਲੜ ਪਿੰਡ ਦੀ ਪੰਚਾਇਤ ਵਲੋਂ 3 ਨਵੰਬਰ 1984 ਨੂੰ ਜਾਤੂਪੁਰ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਗਈ ਸੀ । ਰਿਪੋਰਟ ਲਿਖਵਾਉਣ ਵਾਲ਼ੇ ਨਾਨਕਚੰਦ ਨੰਬਰਦਾਰ ਵਲੋਂ ਅਹਿਮ ਗਵਾਹੀ ਦਰਜ ਕਰਵਾਈ ਗਈ । ਉਸ ਨੇ ਜੱਜ ਸਾਹਿਬ ਨੂੰ ਦੱਸਿਆ ਕਿ ਹੇਲੀ ਮੰਡੀ, ਪਟੋਦੀ ਵਲੋਂ ਤਿੰਨ ਚਾਰ ਬੱਸਾਂ ਗੁੰਡਿਆਂ ਦੀਆਂ ਭਰ ਕੇ ਤਕਰੀਬਨ 11 ਵਜੇ ਹੋਦ ਪਿੰਡ ਵਿਖੇ ਆਈਆਂ । ਜਿਹਨਾਂ ਆਉਂਦਿਆਂ ਹੀ ਘਰਾਂ ਨੂੰ ਅੱਗਾ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇੱਟਾਂ ਵੱਟੇ ਵਰਾਉਣੇ ਸ਼ੁਰੂ ਕਰ ਦਿੱਤੇ । ਉਹਨਾਂ ਸ਼ਾਮ ਤੱਕ ਪੂਰੇ ਪਿੰਡ ਨੂੰ

ਤਹਿਸ ਨਹਿਸ ਕਰ ਕੇ 32 ਸਿੱਖਾਂ ਨੂੰ ਮੌਤ ਦੇ ਘਾਟ ਉਤਾਰ, ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਸੀ । ਉਹਨਾਂ ਵਲੋਂ ਚਿੱਲੜ ਪਿੰਡ ਦੀ ਪੰਚਾਇਤ ਨੂੰ ਨਾਲ਼ ਲੈ ਕੇ ਅਗਲੇ ਦਿਨ ਐਫ.ਆਈ.ਆਰ. ਨੰ 91 ਦਰਜ ਕਰਵਾਈ ਗਈ । ਅਗਲੇ ਦਿਨ ਪੁਲਿਸ ਵਲੋਂ 32 ਸਿੱਖਾਂ ਦਾ ਸਮੂਹਿਕ ਸਸਕਾਰ ਕਰ ਦਿੱਤਾ ਗਿਆ । ਉਹਨਾਂ ਜੱਜ ਸਾਹਿਬ ਨੂੰ ਅੱਗੇ ਦੱਸਿਆ ਕਿ ਪੁਲਿਸ ਵਲੋਂ ਉਸ ਦੀ ਕੋਈ ਵੀ ਪੁੱਛ ਪੜਤਾਲ਼ ਨਹੀਂ ਕੀਤੀ ਗਈ । ਇਸ ਤੇ ਜੱਜ ਸਾਹਿਬ ਨੇ ਸਾਰਿਆ ਨੂੰ ਦੱਸਿਆ ਕਿ ਕਮਿਸਨ ਦੀ ਮਿਆਦ 30 ਸਤੰਬਰ ਨੂੰ ਖਤਮ ਹੋ ਰਹੀ ਹੈ, ਅਤੇ ਉਹਨਾਂ ਵਲੋਂ 30 ਸਤੰਬਰ ਤੋਂ ਪਹਿਲਾਂ ਪਹਿਲਾਂ ਰਿਪੋਰਟ ਪੇਸ਼ ਕਰਨੀ ਹੈ । ਕਮਿਸ਼ਨ ਵਲੋਂ ਤਤਕਾਲੀਨ ਸਰਪੰਚ ਧਨਪਤ ਪਿਛਲੀਆਂ ਤਿੰਨ-ਚਾਰ ਤਰੀਕਾਂ ਤੇ ਬੁਲਾਉਣ ਦੇ ਬਾਵਜੂਦ ਵੀ ਗੈਰ ਹਾਜ਼ਰ ਹੈ । ਕਮਿਸਨ ਨੇ ਪ੍ਰਸਾਸਨ ਨੂੰ ਸਖਤ ਹਦਾਇਤ ਕੀਤੀ ਕਿ ਧਨਪਤ ਨੂੰ 26 ਸਤੰਬਰ ਨੂੰ  ਪੇਸ਼ ਕਰੇ । ਇਸ ਤੇ ਪ੍ਰਤੀਕ੍ਰਮ ਕਰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ ਨਾਨਕ ਚੰਦ ਦੀ ਗਵਾਹੀ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਪੁਲਿਸ ਨੇ ਕਾਰਵਾਈ ਦੇ ਨਾਮ ’ਤੇ ਕੁੱਝ ਵੀ ਨਹੀਂ ਕੀਤਾ । ਨੰਬਰਦਾਰ ਦੀ ਗਵਾਹੀ ਤੋਂ ਪੁਲਿਸ ਦੀ ਭੂਮਿਕਾ ਸ਼ੱਕੀ ਹੋ ਜਾਂਦੀ ਹੈ । ਉਹਨਾਂ ਕਮਿਸਨ ਨੂੰ ਅਪੀਲ ਕੀਤੀ ਕਿ ਉਹ ਕਤਲੇਆਮ ਦੀ ਪੂਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ’ਤੇ ਪਾਵੇ ਅਤੇ ਪੀੜਤਾਂ  ਨਾਲ਼ ਇਨਸਾਫ ਕਰੇ। ਇਸ ਮੌਕੇ ਪੀੜਤ ਉੱਤਮ ਸਿੰਘ, ਪ੍ਰੇਮ ਸਿੰਘ, ਹਰਭਜਨ ਸਿੰਘ, ਸ੍ਰੋਮਣੀ ਕਮੇਟੀ ਦੇ ਪ੍ਰਚਾਰਕ ਅਮਰਜੀਤ ਸਿੰਘ, ਲਖਵੀਰ ਸਿੰਘ ਰੰਡਿਆਲ਼ਾ, ਹਰਜਿੰਦਰ ਸਿੰਘ ਅੰਮ੍ਰਿਤਸਰ, ਰਣਜੀਤ ਸਿੰਘ ਚਿੱਲੜ, ਬਲਬੀਰ ਸਿੰਘ ਹਿਸਾਰ, ਜਸਪ੍ਰੀਤ ਸਿੰਘ ਬਠਿੰਡਾ, ਆਦਿ ਹਾਜਿਰ ਸਨ ।

Send this to a friend