ਮਿਉਂਸਪਲ ਚੋਣਾਂ ਅਕਾਲੀ-ਭਾਜਪਾ ਗਠਜੋੜ ਸਾਂਝੇ ਤੌਰ ’ਤੇ ਲੜੇਗਾ
ਨਵਾਂਸ਼ਹਿਰ, 9 ਸਤੰਬਰ (ਵਿਜੇ ਕੁਮਾਰ ਜੋਤੀ)- ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਸੂਬੇ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦੇ ਫ਼ੈਸਲੇ ’ਤੇ ਸਰਕਾਰ ਵੱਲੋਂ ਕੋਈ ਪੁਨਰ ਵਿਚਾਰ ਨਹੀਂ ਕੀਤਾ ਜਾ ਰਿਹਾ ਕਿਉਂ ਜੋ ਵਿਸ਼ਵ ਭਰ ਦੇ ਮੁਲਕ ਆਪੋ-ਆਪਣੇ ਦੇਸ਼ਾਂ ਵਿੱਚ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਸਾਨਾਂ ਨੂੰ ਸਬਸਿਡੀ ਦੇ ਰਹੇ ਹਨ। ਨਵਾਂਸ਼ਹਿਰ ਵਿਖੇ 18 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਨਵੇਂ 100 ਬਿਸਤਿਰਆਂ ਜ਼ਿਲ੍ਹਾ ਹਸਪਤਾਲ ਦੀ ਇਮਾਰਤ ਦਾ ਲੋਕ ਅਰਪਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਖੇਤਰ ਨੂੰ ਮੁਫ਼ਤ ਦਿੱਤੀ ਜਾ ਰਹੀ ਬਿਜਲੀ ’ਤੇ ਪੁਨਰ ਵਿਚਾਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂ
ਕਿ ਸਾਰੇ ਹੀ ਸੂਬੇ ਕਿਸੇ ਨਾ ਕਿਸੇ ਰੂਪ ਵਿੱਚ ਕਿਸਾਨਾਂ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਬਸਿਡੀ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਬਸਿਡੀ ਕਿਸਾਨਾਂ ਵੱਲੋਂ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਦੇ ਇਵਜ਼ ਵਿੱਚ ਦਿੱਤੀ ਜਾ ਰਹੀ ਨਾ-ਮਾਤਰ ਮੱਦਦ ਹੈ। ਸਥਾਨਕ ਸਰਕਾਰਾਂ ਸੰਸਥਾਂਵਾਂ ਦੀਆਂ ਚੋਣਾਂ ਸਬੰਧੀ ਪੁੱਛੇ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਆਖਿਆ ਕਿ ਸ੍ਰੋਮਣੀ ਅਕਾਲੀ-ਭਾਰਤੀ ਜਨਤਾ ਪਾਰਟੀ ਨਗਰ ਕੌਂਸਲ ਚੋਣਾਂ ਸਾਂਝੇ ਤੌਰ ’ਤੇ ਲੜਨਗੇ ਤੇ ਇਸ ਸਬੰਧ ਵਿੱਚ ਦੋਵਾਂ ਪਾਰਟੀਆਂ ਵੱਲੋਂ ਸੀਟਾਂ ਦੀ ਵੰਡ ਬਾਰੇ ਬੈਠ ਕੇ ਰਣਨੀਤੀ ਤਿਆਰ ਕਰ ਲਈ ਜਾਵੇਗੀ। ਜੰਮੂ ਤੇ ਕਸ਼ਮੀਰ ਵਿੱਚ ਹੜ੍ਹਾਂ ਨਾਲ ਪੈਦਾ ਹੋਈ ਕੌਮੀ ਕਰੋਪੀ ਸਬੰਧੀ ਕਿਹਾ ਕਿ ਪੰਜਾਬ ਵੱਲੋਂ ਜੰਮੂ ਤੇ ਕਸ਼ਮੀਰ ਨੂੰ ਪੂਰੀ ਮੱਦਦ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਰਬੱਤ ਦਾ ਭਲਾ ਚਾਹੁਣ ਵਾਲੇ ਹਨ ਜੋ ਕਿ ਉਨ੍ਹਾਂ ਨੂੰ ਗੁਰੂਆਂ ਤੇ ਪੀਰਾਂ ਪਾਸੋਂ ਵਿਰਸੇ ਵਿੱਚ ਪ੍ਰਾਪਤੀ ਹੋਈ ਹੈ। ਇੰਡੀਅਨ ਨੈਸ਼ਨਲ ਲੋਕ ਦਲ ਦੀ ਹਰਿਆਣਾ ਵਿਧਾਨ ਸਭਾ ਚੋਣ ਵਿੱਚ ਮੱਦਦ ਬਾਰੇ ਪੁੱਛੇ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਉਹ ਹਰਿਆਣਾ ਵਿੱਚ ਉਨ੍ਹਾਂ ਲਈ ਪ੍ਰਚਾਰ ਕਰਨਗੇ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਰਾਜ ਦੇ ਲੋਕਾਂ ਦੀ ਸਿਹਤ ਸੰਭਾਲ ਪ੍ਰਤੀ ਵਨਬੱਧ ਹੈ। ਇਸ ਲਈ ਕੈਂਸਰ ਦੇ ਇਲਾਜ ਲਈ ਸੂਬੇ ਨੂੰ ਵਿਸ਼ਵ ਪੱਧਰ ’ਤੇ ਮੁੱਖ ਧੁਰੇ ਵਜੋਂ ਉਭਾਰਨ ਵਾਸਤੇ ਟਾਟਾ ਮੈਮੋਰੀਅਲ ਕੈਂਸਰ ਇੰਸਟੀਚਿਊਟ ਮੁੰਬਈ ਦੀ ਤਰਜ਼ ’ਤੇ ਮੁੱਲਾਂਪੁਰ ਵਿਖੇ ਹੋਮੀ ਭਾਬਾ ਕੈਂਸਰ ਇਲਾਜ ਤੇ ਖੋਜ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ, ਪਟਿਆਲਾ ਅਤੇ ਫ਼ਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲਾਂ ਵਿੱਚ ਕੈਂਸਰ ਰੋਗ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਪਹਿਲਾਂ ਹੀ ਢੁਕਵੇਂ ਬੰਦੋਬਸਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਆਖਿਆ ਕਿ ਬਠਿੰਡਾ ਅਤੇ ਸੰਗਰੂਰ ਵਿੱਚ ਵੀ ਅਤਿ-ਆਧੁਨਿਕ ਕੈਂਸਰ ਇਲਾਜ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਜੋ ਬਹੁਤ ਛੇਤੀ ਚਾਲੂ ਹੋ ਜਾਣਗੇ। ਇਸੇ ਦੌਰਾਨ ਸ. ਬਾਦਲ ਨੇ ਆਖਿਆ ਕਿ ਸੂਬਾ ਸਰਕਾਰ ਨੇ ਨਸ਼ਿਆਂ ਖਿਲਾਫ਼ ਵੀ ਜੰਗ ਵਿੱਢੀ ਹੋਈ ਹੈ ਅਤੇ ਇਸ ਮੰਤਵ ਲਈ ਨਸ਼ੇ ਦੇ ਆਦੀਆਂ ਵਾਸਤੇ ਰਾਜ ਭਰ ਵਿੱਚ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੀ ਸਥਾਪਨਾ ਕਰੋੜਾਂ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਕੇਂਦਰਾਂ ਨੂੰ ਚਲਾਉਣ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਉਣ ਲਈ ਡਾਕਟਰਾਂ, ਮਨੋਵਿਗਿਆਨੀਆਂ ਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਲਈ ਲੋੜੀਂਦੇ ਫੰਡ ਪ੍ਰਵਾਨ ਕੀਤੇ ਜਾ ਚੁੱਕੇ ਹਨ। ਦਸਵੀਂ ਤੇ 12ਵੀਂ ਪਾਸ ਬੇਰੋਜ਼ਗਾਰਾ ਨੌਜੁਆਨਾਂ ਲਈ ਹੁਨਰ ਸਿਖਲਾਈ ਦੀ ਮਹੱਤਤਾ ਨੂੰ ਦਰਸਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਰਾਜ ਸਰਕਾਰ ਬੇਰੁਜ਼ਗਾਰੀ ਦੀ ਵਧ ਰਹੀ ਸਮੱਸਿਆ ਨਾਲ ਨਿਪਟਣ ਲਈ ਹੁਨਰ ਸਿਖਲਾਈ ’ਤੇ ਜ਼ੋਰ ਦੇ ਰਹੀ ਹੈ ਜਿਸ ਤਹਿਤ ਸਕੂਲਾਂ ਤੇ ਕਾਲਜਾਂ ਵਿੱਚੋਂ ਅੱਧ ਵਿਚਾਲੇ ਪੜ੍ਹਾਈ ਛੱਡਣ ਵਾਲੇ ਨੌਜਵਾਨਾਂ ਨੂੰ ਹੁਨਰਮੰਦ ਸਿਖਲਾਈ ਦੇ ਕੇ ਰੋਜ਼ੀ ਰੋਟੀ ਕਮਾਉਣ ਦੇ ਕਾਬਲ ਬਣਾਇਆ ਜਾਵੇਗਾ। ਇਸ ਮੌਕੇ ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਆਖਿਆ ਕਿ ਪੰਜਾਬ ਸਰਕਾਰ ਰਾਜ ਦੇ ਨਾਗਰਿਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਛੇਤੀ ਹੀ ਪਹਿਲੇ ਪੜਾਅ ਵਿੱਚ ਰਾਜ ਦੇ 17 ਜ਼ਿਲ੍ਹਾ ਹਸਪਤਾਲਾਂ ਵਿੱਚ ਆਧੁਨਿਕ ਡਾਇਗਨੋਸਿਟਕ ਸੁਵਿਧਾਵਾਂ ਸ਼ੁਰੂ ਕਰਨ ਜਾ ਰਹੀ ਹੈ। ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂ ਮਾਜਰਾ ਨੇ ਆਖਿਆ ਕਿ ਉਹ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿੱਚ ਪੈਂਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਮਰੀਜ਼ਾਂ ਤੇ ਬਿਮਾਰ ਲੋਕਾਂ ਦੀ ਮੱਦਦ ਵਾਸਤੇ ਸੰਸਦੀ ਗਰਾਂਟ ਕੋਟੇ ਵਿੱਚੋਂ ਇੱਕ-ਇੱਕ ਐਂਬੂਲੈਂਸ ਮੁਹੱਈਆ ਕਰਵਾਉਣਗੇ। ਇਸ ਮੌਕੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਬੀਬੀ ਸਤਿੰਦਰ ਕੌਰ ਕਰੀਹਾ ਹਲਕਾ ਇੰਚਾਰਜ ਨਵਾਂਸ਼ਹਿਰ, ਜ਼ਿਲ੍ਹਾ ਜਥੇਦਾਰ ਅਕਾਲੀ ਦਲ ਜਥੇਦਾਰ ਰਾਮ ਸਿੰਘ ਦੁਧਾਲਾਂ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਦਵਾਜ ਨੇ ਵੀ ਸੰਬੋਧਨ ਕੀਤਾ।