June 13, 2026 4:32 pm

ਸ਼੍ਰੋਮਣੀ ਅਕਾਲੀ ਦਲ-ਇੰਡੀਅਨ ਨੈਸ਼ਨਲ ਲੋਕ ਦਲ ਗਠਜੋੜ ਬਣਾਵੇਗਾ ਹਰਿਆਣਾ ਵਿਚ ਸਰਕਾਰ : ਸੁਖਬੀਰ ਸਿੰਘ ਬਾਦਲ

ਸਪੀਕਰ ਨੇ ਨਵੇਂ ਚੁਣੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸਹੁੰ ਚੁਕਾਈ
ਪਰਨੀਤ ਬਰਾੜ    ਕਾਰਜਕਾਰੀ ਸੰਪਾਦਕ
ਪੰਜਾਬ ਵਿਚ ਭਾਜਪਾ ਨਾਲ ਗਠਜੋੜ ਸਥਾਈ
5 ਹੋਰ ਕਾਂਗਰਸੀ ਵਿਧਾਇਕ ਅਕਾਲੀ ਦਲ ਵਿਚ ਸ਼ਾਮਿਲ ਹੋਣ ਲਈ ਤਿਆਰ

Page-1_06 ਜਲੰਧਰ/ਚੰਡੀਗੜ੍ਹ, 9 ਸਤੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ ਤੇ ਸ਼੍ਰੋਮਣੀ ਅਕਾਲੀ ਦਲ ਗਠਜੋੜ ਮਿਲਕੇ ਹਰਿਆਣਾ ਵਿਚ ਸਰਕਾਰ ਬਣਾਉਣਗੇ। ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਅਕਾਲੀ ਦਲ ਦੀ ਲੜਾਈ ਕਾਂਗਰਸ ਨਾਲ ਹੈ ਨਾ ਕਿ ਭਾਜਪਾ ਨਾਲ ਅਤੇ ਉਹ ਹਰਿਆਣਾ ਵਿਚ ਕਾਂਗਰਸ ਦੇ ਸਫਾਏ ਲਈ ਕੰਮ ਕਰਨਗੇ। ਅੱਜ ਇੱਥੇ ਵਿਧਾਨ ਸਭਾ ਵਿਖੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਵਲੋਂ ਤਲਵੰਡੀ ਸਾਬੋ ਤੋਂ ਅਕਾਲੀ ਦਲ ਦੇ ਨਵੇਂ ਚੁਣੇ ਵਿਧਾਇਕ ਸ. ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸਹੁੰ ਚੁਕਾਉਣ ਪਿੱਛੋਂ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਸਮੇਤ ਪੱਤਰਕਾਰਾਂ ਨਾਲ   ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਅਕਾਲੀ ਦਲ ਵਲੋਂ ਅੰਬਾਲਾ ਤੇ

ਕਾਂਲਾਂਵਾਲੀ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਅਗਲੇ 2 ਦਿਨ ਦੌਰਾਨ ਕਰ ਦਿੱਤਾ ਜਾਵੇਗਾ। ਭਾਜਪਾ ਨਾਲ ਸਬੰਧਾਂ ਬਾਰੇ ਇਕ ਸਵਾਲ ਦੇ ਉ¤ਤਰ ਵਿਚ ਸ. ਬਾਦਲ ਨੇ ਕਿਹਾ ਕਿ ਭਾਜਪਾ ਨਾਲ ਪੰਜਾਬ ਵਿਚ ਅਕਾਲੀ ਦਲ ਦਾ ਰਿਸ਼ਤਾ ਸਥਾਈ ਹੈ ਕਿਉਂਕਿ ਇਹ ਗਠਜੋੜ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਫਾਰਮੂਲੇ ਤਹਿਤ ਹੀ ਦੋਹਾਂ ਪਾਰਟੀਆਂ ਵਲੋਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਮਿਲਕੇ ਲੜੀਆਂ ਜਾਣਗੀਆਂ। ਸ. ਬਾਦਲ ਨੇ ਨਾਲ ਹੀ ਕਿਹਾ ਕਿ ਕਾਂਗਰਸ ਦੇ 5 ਹੋਰ ਵਿਧਾਇਕ ਅਕਾਲੀ ਦਲ ਵਿਚ ਸ਼ਾਮਿਲ ਹੋਣ ਲਈ ਤਿਆਰ ਹਨ ਅਤੇ ਪਾਰਟੀ ਵਲੋਂ ਉਨ੍ਹਾਂ ਦੀ ਬੇਨਤੀ ’ਤੇ ਵਿਚਾਰ ਕਰਕੇ ਸਹੀ ਸਮੇਂ ਦੀ ਉਡੀਕ ਕੀਤੀ ਜਾ ਰਹੀ ਹੈ।
ਅਕਾਲੀ ਦਲ ਵਲੋਂ ਨਵੇਂ ਐਲਾਨੇ ਗਏ ਢਾਂਚੇ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ 1996 ਦੇ ਮੋਗਾ ਪ੍ਰਸਤਾਵ ਅਨੁਸਾਰ ਅਕਾਲੀ ਦਲ ਪੰਜਾਬੀ ਪਾਰਟੀ ਬਣ ਗਿਆ ਸੀ ਅਤੇ ਅਕਾਲੀ ਦਲ ਵਲੋਂ ਹਿੰਦੂ ਅਤੇ ਹੋਰਨਾਂ ਭਾਈਚਾਰੇ ਦੇ ਆਗੂਆਂ ਨੂੰ ਪਾਰਟੀ ਵਿਚ ਮਹੱਤਵਪੂਰਨ ਅਹੁਦੇ ਦੇਣਾ ਕੋਈ ਨਵੀਂ ਗੱਲ ਨਹੀਂ।
ਯੂਥ ਅਕਾਲੀ ਦਲ ਦੇ 4 ਪ੍ਰਧਾਨ ਬਣਾਉਣ ਦੇ ਪ੍ਰਸਤਾਵ ਪਿਛਲੇ ਕਾਰਨਾਂ ਬਾਰੇ ਚਾਨਣਾ ਪਾਉਂਦਿਆਂ ਸ. ਬਾਦਲ ਨੇ ਕਿਹਾ ਕਿ ਇਸਦਾ ਸਿਰਫ ਤੇ ਸਿਰਫ ਮਕਸਦ ਪਾਰਟੀ ਦੇ ਕਾਡਰ ਦਾ ਆਮ ਲੋਕਾਂ ਨਾਲ ਹੋਰ ਨੇੜਿਓਂ ਸੰਪਰਕ ਕਾਇਮ ਕਰਨਾ ਹੈ।
ਦਿੱਲੀ ਵਿਖੇ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਦੇ ਵਿਧਾਇਕਾਂ ਦੀ ਖ੍ਰੀਦੋ ਫਰੋਖਤ ਬਾਰੇ ਲਾਏ ਜਾ ਰਹੇ ਦੋਸ਼ਾਂ ਬਾਰੇ ਸ. ਬਾਦਲ ਨੇ ਕਿਹਾ ਕਿ ਆਪ ਨਿਰਾਸ਼ਾ ਵਿਚ ਘਿਰੇ ਲੋਕਾਂ ਦਾ ਸਮੂਹ ਹੈ ਤੇ ਉਨ੍ਹਾਂ ਦੇ ਮੁਖੀ ਸ੍ਰੀ ਅਰਵਿੰਦ ਕੇਜਰੀਵਾਲ ਤੇ ਵਿਧਾਇਕ ਖੁੱਲੇਆਮ ਇਹ ਮੰਨ ਰਹੇ ਹਨ ਕਿ ਸਰਕਾਰ ਚਲਾਉਣ ਦੀ ਜਿੰਮੇਵਾਰੀ ਤੋਂ ਭੱਜਣਾ ਉਨ੍ਹਾਂ ਦੀ ਗਲਤੀ ਸੀ। ਉਨ੍ਹਾਂ ਕਿਹਾ ਕਿ ਭਾਜਪਾ ਤੇ ਅਕਾਲੀ ਦਲ ਦਿੱਲੀ ਵਿਖੇ ਲੋਕਾਂ ਦੀ ਮੰਗ ’ਤੇ ਸਰਕਾਰ ਬਣਾਉਣ ਲਈ ਤਿਆਰ ਹਨ।
ਕੇਂਦਰ ਸਰਕਾਰ ਬਾਰੇ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸਿਰਫ 100 ਦਿਨਾਂ ਅੰਦਰ ਹੀ ਪੰਜਾਬ ਦੇ 8000 ਕਰੋੜ ਦੇ ਸੜਕੀ ਪ੍ਰਾਜੈਕਟ ਮਨਜ਼ੂਰ ਕੀਤੇ ਹਨ ਜੋ ਕਿ ਯੂ.ਪੀ.ਏ. ਸਰਕਾਰ ਨੇ ਪਿਛਲੇ 3 ਸਾਲ ਤੋਂ ਰੋਕਕੇ ਰੱਖੇ ਸਨ। ਉਨ੍ਹਾਂ ਕਿਹਾ ਕਿ ਸੂਬੇ ਵਲੋਂ ਵਿੱਤੀ ਪੈਕੇਜ਼ ਦੀ ਮੰਗ ਬਿਲਕੁਲ ਜਾਇਜ਼ ਹੈ ਕਿਉਂ ਜੋ ਪੰਜਾਬ ਨੇ ਅੱਤਵਾਦ ਵਿਰੁੱਧ ਜੋ ਲੜਾਈ ਲੜੀ ਉਹ ਪੰਜਾਬ ਦੀ ਨਹੀਂ ਸਗੋਂ ਦੇਸ਼ ਦੀ  ਲੜਾਈ ਸੀ ਅਤੇ ਪੰਜਾਬ ਨੇ ਇਸ ਲਈ ਉਸ ਸਮੇਂ 2500 ਕਰੋੜ ਰੁਪੈ ਦੀ ਵਿੱਤੀ ਕੀਮਤ ਤਾਰੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਦੇਸ਼ ਨੂੰ ਅੰਨ ਸੁਰੱਖਿਆ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਵਿੱਤੀ ਪੈਕੇਜ਼ ਜ਼ਰੂਰ ਮਿਲਣਾ ਚਾਹੀਦਾ ਹੈ।
ਜੰਮੂ ਕਸ਼ਮੀਰ ਵਿਖੇ ਆਏ ਭਿਆਨਕ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਉਹ ਗੁਆਂਢੀ ਰਾਜ ਦੀ ਹਰ ਮਦਦ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੜ੍ਹ ਪੀੜਤਾਂ ਲਈ ਲੰਗਰ ਆਰੰਭ ਕੀਤੇ ਜਾ ਰਹੇ ਹਨ।
ਇਸ ਤੋਂ ਪਹਿਲਾਂ ਸਪਕੀਰ ਸ੍ਰੀ ਚਰਨਜੀਤ ਸਿੰਘ ਅਟਵਾਲ ਨੇ ਅਕਾਲੀ ਦਲ ਦੇ ਤਲਵੰਡੀ ਸਾਬੋ ਤੋਂ ਨਵੇਂ ਚੁਣੇ ਵਿਧਾਇਕ ਸ਼੍ਰੀ ਜੀਤ ਮਹਿੰਦਰ  ਸਿੰਘ ਸਿੱਧੂ ਨੂੰ ਅਹੁਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।

Send this to a friend