June 12, 2026 11:14 pm

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਹੇਠ ਹੁਣ ਤੱਕ 10.56 ਲੱਖ ਘਰਾਂ ਨੂੰ ਲਿਆਂਦਾ

ਬਾਦਲ ਨੇ ਬੈਂਕਰਾਂ ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸਹੀ ਮਾਅਨਿਆਂ ਵਿੱਚ ਲਾਗੂ ਕਰਨ ਲਈ ਆਖਿਆ
Page-1_09 ਚੰਡੀਗੜ੍ਹ, 8 ਸਤੰਬਰ (ਪੀ. ਟੀ.)- ਪੰਜਾਬ ਭਰ ਵਿੱਚ 28 ਅਗਸਤ, 2014 ਨੂੰ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਹੇਠ 10,56,000 ਘਰਾਂ ਨੂੰ ਅੱਜ ਦੀ ਤਾਰੀਕ ਤੱਕ ਲਿਆਂਦਾ ਜਾ ਚੁੱਕਾ ਹੈ ਅਤੇ ਇਨ੍ਹਾਂ ਦੇ ਬੈਂਕ ਖਾਤੇ ਖੋਲ੍ਹ ਦਿੱਤੇ ਹਨ। ਅੱਜ ਸਵੇਰੇ ਮੁੱਖ ਮੰਤਰੀ ਦਫਤਰ ਵਿਖੇ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸਕੀਮ ਦੀ ਪ੍ਰਗਤੀ ਦਾ ਜਾਇਜਾ ਲੈਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੀ ਇਸ ਯੋਜਨਾ ਨੂੰ ਸਹੀ ਮਾਅਨਿਆਂ ਵਿਚ ਲਾਗੂ ਕਰਨ ਲਈ ਰਾਜ ਸਰਕਾਰ ਪੂਰੀ ਤਰ੍ਹਾਂ ਦ੍ਰਿੜ ਹੈ ਤਾਂ ਜੋ ਵਿਕਾਸ ਅਤੇ ਖੁਸ਼ਹਾਲੀ ਦਾ ਲਾਭ ਲੋਕਾਂ ਨੂੰ ਹੇਠਲੇ ਪੱਧਰ ’ਤੇ ਮਿਲ ਸਕੇ।  ਉਨ੍ਹਾਂ ਨੇ ਬੈਂਕਰਾਂ ਨੂੰ 15 ਦਸਬੰਰ, 2014 ਤੱਕ ਸਮੁੱਚੇ ਘਰਾਂ ਦੇ ਬਚਤ ਬੈਂਕ ਖਾਤੇ ਖੋਲ੍ਹਣ ਦਾ ਕੰਮ ਮੁਕੰਮਲ ਕਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ

ਸੂਬਾ ਪੱਧਰੀ ਬੈਂਕਰਜ਼ ਕਮੇਟੀ ਦੇ ਕਨਵੀਨਰ ਸ੍ਰੀ ਹਰਪਾਲ ਸਿੰਘ ਨੂੰ ਪ੍ਰਮੁੱਖ ਸਕੱਤਰ ਵਿੱਤ ਸ੍ਰੀਮਤੀ ਵਿੰਨੀ ਮਹਾਜਨ ਨਾਲ ਤਾਲਮੇਲ ਕਰਨ ਨੂੰ ਆਖਿਆ ਹੈ ਜਿਨ੍ਹਾਂ ਨੂੰ ਸੂਬੇ ਭਰ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਬੈਂਕ ਬਚਤ ਖਾਤੇ ਖੋਲ੍ਹਣ ਵਾਸਤੇ ਇਸ ਸਕੀਮ ਦਾ ਮਿਸ਼ਨ ਡਾਇਰੈਕਟਰ ਮਨੋਨੀਤ ਕੀਤਾ ਗਿਆ ਹੈ।  ਸ. ਬਾਦਲ ਨੇ ਮਿਸ਼ਨ ਡਾਇਰੈਕਟਰ ਨੂੰ ਨਿਰਦੇਸ਼ ਦਿਤੇ ਕਿ ਉਹ ਇਸ ਸਬੰਧ ਵਿੱਚ ਡਾਇਰੈਕਟਰ ਮਰਦਮਸ਼ੁਮਾਰੀ ਦੀਆਂ ਸੇਵਾਂਵਾਂ ਵੀ ਪ੍ਰਾਪਤ ਕਰਨ ਜੋ ਬੈਂਕਰਾਂ ਨੂੰ 2011 ਦੀ ਮਰਦਮਸ਼ੁਮਾਰੀ ਦੇ ਆਧਾਰ ਉਤੇ ਤਾਜ਼ਾ ਡਾਟਾ ਉਪਲਬਧ ਕਰਵਾ ਸਕਦੇ ਹਨ ਤਾਂ ਜੋ ਇਹ ਸਕੀਮ ਸਹੀ ਮਾਅਨਿਆਂ ਵਿਚ ਪ੍ਰਭਾਵੀ ਢੰਗ ਨਾਲ ਲਾਗੂ ਕੀਤੀ ਜਾ ਸਕੇ।  ਉਨ੍ਹਾਂ ਨੇ ਇਸ ਸਕੀਮ ਦੇ ਫਾਇਦਿਆਂ ਬਾਰੇ ਮੀਡੀਆ ਵਿੱਚ ਪ੍ਰਚਾਰ ਰਹੀਂ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਵੱਧ ਤੋਂ ਵੱਧ ਲੋਕ ਬੈਂਕਾਂ ਦੇ ਵਿੱਚ ਖਾਤੇ ਖੁਲ੍ਹਾ ਸਕਣ ਅਤੇ ਵਿਕਾਸ ਅਤੇ ਖੁਸ਼ਹਾਲੀ ਦਾ ਲਾਭ ਲੈ ਸਕਣ। ਸ. ਬਾਦਲ ਨੇ ਸਥਾਨਕ ਸਰਕਾਰ, ਦਿਹਾਤੀ ਵਿਕਾਸ ਤੇ ਪੰਚਾਇਤ ਅਤੇ ਸਮਾਜਿਕ ਸੁਰਖਿਆ ਵਿਭਾਗਾਂ ਨੂੰ ਵੀ ਇਸ ਕੰਮ ਵਿਚ ਸ਼ਾਮਲ ਕਰਨ ਅਤੇ ਨਗਰ ਨਿਗਮਾਂ, ਨਗਰ ਕੌਂਸਲਾਂ, ਬੀ.ਡੀ.ਪੀ.ਓਜ਼ ਅਤੇ ਪੰਚਾਇਤ ਸਕੱਤਰਾਂ, ਆਂਗਨਵਾੜੀ ਵਰਕਰਾਂ ਸਣੇ ਹੋਰ ਫੀਲਡ ਸਟਾਫ ਦੀ ਵੀ ਇਸ ਕੰਮ ਵਿੱਚ ਸ਼ਮੂਲੀਅਤ ਕਰਵਾਉਣ ਲਈ ਆਖਿਆ ਹੈ ਤਾਂ ਜੋ ਇਸ ਸਕੀਮ ਹੇਠ ਲਾਏ ਕੈਂਪਾਂ ਵਿੱਚ ਖਾਤੇ ਖੁਲ੍ਹਵਾਉਣ ਹਿੱਤ ਲੋਕਾਂ ਨੂੰ ਲਿਆਂਦਾ ਜਾ ਸਕੇ। ਸ. ਬਾਦਲ ਨੇ ਡਵੀਜ਼ਨਲ ਕਮਿਸ਼ਨਰਾਂ ਜੋ ਇਸ ਸਕੀਮ ਦੇ ਨੋਡਲ ਅਫਸਰ ਵੀ ਹਨ ਨੂੰ ਇਹ ਸਕੀਮ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਨਿਰਦੇਸ਼ ਦਿੱਤੇ ਹਨ। ਉਨਾਂ ਨੂੰ ਪਿੰਡਾ/ਵਾਰਡਾਂ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਾਉਣ ਲਈ ਆਖਿਆ ਹੈ ਤਾਂ ਜੋ ਉਹ ਖਾਤੇ ਖੁਲ੍ਹਵਾਉਣ ਦੇ ਸਬੰਧ ਵਿਚ ਬੈਂਕਾਂ ਨਾਲ ਤਾਲਮੇਲ ਕਰਨ। ਸ. ਬਾਦਲ ਨੇ ਮਿਸ਼ਨ ਡਾਇਰੈਕਟਰ ਅਤੇ ਐਸ.ਐਲ.ਬੀ.ਸੀ ਦੇ ਕਨਵੀਨਰ ਨੂੰ ਲੋਕਾਂ, ਖਾਸ ਕਰ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿਣ ਵਾਲੀਆਂ ਦਿਹਾਤੀ ਮਹਿਲਾਵਾਂ ਦਾ ਵਿੱਤੀ ਸ਼ਸ਼ਕਤੀਕਰਨ ਯਕੀਨੀ ਬਣਾਉਣ ਹਿੱਤ ਰੂਪ ਰੇਖਾ ਤਿਆਰ ਕਰਨ ਲਈ ਆਖਿਆ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਹਮੇਸ਼ਾ ਹੀ ਵਿਕਾਸ ਸਕੀਮਾਂ ਅਤੇ ਗਰੀਬਾਂ ਦੀ ਭਲਾਈ ਲਈ ਸਕੀਮਾਂ ਨੂੰ ਲਾਗੂ ਕਰਨ ਲਈ ਮੋਹਰੀ ਰਿਹਾ ਹੈ ਭਾਵੇਂ ਕਿ ਇਹ ਸਕੀਮਾਂ ਰਾਜ ਸਰਕਾਰ ਦੀਆਂ ਹੋਣ ਜਾਂ ਕੇਂਦਰ ਸਰਕਾਰ ਦੀਆਂ।
ਉਨ੍ਹਾਂ ਕਿਹਾ ਕਿ ਪੰਜਾਬ 15 ਦਸੰਬਰ, 2014 ਤੱਕ ਸਮੁੱਚੇ ਸੂਬੇ ਵਿੱਚ ਖਾਤੇ ਖੋਲ੍ਹ ਕੇ ਪਹਿਲਾ ਸਥਾਨ ਹਾਸਲ ਕਰੇਗਾ।  ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀਆਂ, ਮੁੱਖ ਸੰਸਦੀ ਸਕੱਤਰਾਂ ਨੂੰ ਆਪਣੇ ਪੱਧਰ ਉਤੇ ਸਕੀਮ ਦੀ ਪ੍ਰਗਤੀ ’ਤੇ ਨਿਗਰਾਨੀ ਰੱਖਣ ਲਈ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਇਸੇ ਦੌਰਾਨ ਪੰਜਾਬ ਨੈਸ਼ਨਲ ਬੈਂਕ ਦੇ ਫੀਲਡ ਮੈਨੇਜਰ ਅਤੇ ਰਾਜ ਪੱਧਰੀ ਬੈਂਕਰਜ਼ ਕਮੇਟੀ ਦੇ ਕਨਵੀਨਰ ਸ੍ਰੀ ਹਰਪਾਲ ਸਿੰਘ ਨੇ ਇਸ ਸਕੀਮ ਲਈ ਸਾਰੀ ਸੰਭਵੀ ਮਦਦ ਅਤੇ ਸਹਿਯੋਗ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਅਤੇ ਇਸ ਸਕੀਮ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਸ. ਬਾਦਲ ਨੂੰ ਭਰੋਸਾ ਦਿਵਾਇਆ।  ਉਨ੍ਹਾਂ ਕਿਹਾ ਕਿ ਸ. ਬਾਦਲ ਵਲੋਂ ਦਿੱਤਾ ਗਿਆ ਟੀਚਾ 30 ਨਵੰਬਰ, 2014 ਤੱਕ ਹੀ ਪੂਰਾ ਕਰ ਲਿਆ ਜਾਵੇਗਾ।  ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਸਬੰਧਤ ਬੈਂਕਾਂ ਨਾਲ ਨੇੜੇ ਦਾ ਤਾਲਮੇਲ ਪੈਦਾ ਕਰਕੇ ਇਸ ਸਕੀਮ ਨੂੰ ਹੋਰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਸਬੰਧੀ ਜਾਣਕਾਰੀ ਵੀ ਦਿੱਤੀ।
ਗੌਰਤਲਬ ਹੈ ਕਿ ਇਸ ਸਕੀਮ ਦੇ ਹੇਠ ਹਰੇਕ ਘਰ ਦਾ ਘੱਟੋ ਘੱਟ ਇਕ ਖਾਤਾ ਬਿਨਾਂ ਕਿਸੇ ਪੈਸੇ ਤੋਂ ਖੋਲ੍ਹਿਆ ਜਾਵੇਗਾ।  ਖਾਤਾ ਖੋਲ੍ਹਣ ਤੋਂ 6 ਮਹੀਨੇ ਬਾਅਦ 5000 ਰੁਪਏ ਦੀ ਓਵਰ ਡਰਾਫਟ ਸਹੂਲਤ ਦੇ ਨਾਲ ਬੈਕਿੰਗ ਸੇਵਾ ਮੁੱਹਈਆ ਕਰਵਾਈ ਜਾਵੇਗੀ।  ਖਾਤਾ ਖੋਲ੍ਹਣ ਵਾਲੇ ਦਾ ਇਕ ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਹੋਵੇਗਾ ਅਤੇ ਜਿਹੜੇ ਵਿਅਕਤੀ 26 ਜਨਵਰੀ, 2015 ਤੋਂ ਪਹਿਲਾ ਖਾਤਾ ਖੁਲਵਾਉਣਗੇ ਉਨ੍ਹਾਂ ਨੂੰ 30 ਹਜ਼ਾਰ ਰੁਪਏ ਦੀ ਸਿਹਤ ਬੀਮਾ ਸਹੂਲਤ ਦਿੱਤੀ ਜਾਵੇਗੀ।
ਇਸ ਮੀਟਿੰਗ ਵਿਚ ਹਾਜ਼ਰ ਹੋਰਨਾਂ ਵਿੱਚ ਵਿੱਤ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ, ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸਲ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਐਸ.ਕੇ.ਸੰਧੂ, ਪ੍ਰਮੁੱਖ ਸਕੱਤਰ ਵਿੱਤ ਸ੍ਰੀਮਤੀ ਵਿਨੀ ਮਹਾਜਨ, ਸਕੱਤਰ ਖਰਚ ਸ੍ਰੀ ਜਸਪਾਲ ਸਿੰਘ, ਵਿਸ਼ੇਸ਼ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਸ੍ਰੀ ਗਗਨਦੀਪ ਸਿੰਘ ਬਰਾੜ, ਸਕੱਤਰ ਸਥਾਨਕ ਸਰਕਾਰ ਸ੍ਰੀ ਅਸ਼ੋਕ ਗੁਪਤਾ ਅਤੇ ਵੱਖ ਵੱਖ ਬੈਂਕਾਂ ਦੇ ਆਧਿਕਾਰੀ ਸ਼ਾਮਲ ਸਨ।

Send this to a friend