June 19, 2026 1:44 pm

ਪੰਜਾਬੀ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਲਈ ਵੋਕੇਸ਼ਕਨਲ ਕੋਰਸ ਪੰਜਾਬੀ ਵਿੱਚ ਪੜ੍ਹਾਏ ਜਾਣਗੇ : ਡਾ. ਚੀਮਾ

5 ਕੋਰਸਾਂ ਦੇ ਸਿਲੇਬਸ ਨੂੰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰ ਕੇ ਵੈਬਸਾਈਟ ’ਤੇ ਪਾਇਆ
Page-1_03  ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ ਜਲੰਧਰ/ਚੰਡੀਗੜ੍ਹ, 7 ਸਤੰਬਰ- ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਅਤੇ ਇਸ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਉਣ ਦੇ ਦ੍ਰਿੜ ਇਰਾਦੇ ਨੂੰ ਦੁਹਰਾਉਂਦਿਆਂ ਸਿੱਖਿਆ ਵਿਭਾਗ ਨੇ ਸੂਬੇ ਦੇ 100 ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਦੇ ਸ਼ੁਰੂ ਕੀਤੇ ਨਵੇਂ 6 ਕੋਰਸਾਂ ਦੀ ਪੜ੍ਹਾਈ ਪੰਜਾਬੀ ਭਾਸ਼ਾ ਵਿੱਚ ਸ਼ੁਰੂ ਕੀਤੀ ਹੈ ਅਤੇ ਇਸ ਲਈ ਇਨ੍ਹਾਂ ਦੇ ਸਿਲੇਬਸ ਨੂੰ ਵੀ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰ ਕੇ ਵੈਬਸਾਈਟ ਉਪਰ ਪਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਿੰਡਾਂ ਦੇ ਵਿਦਿਆਰਥੀਆਂ ਨੂੰ ਆਉਣ ਵਾਲੀ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੇਂ ਸ਼ੁਰੂ ਕੀਤੇ 6 ਵੋਕੇਸ਼ਨਲ ਕੋਰਸਾਂ ਸਕਿਓਰਟੀ, ਆਈ.ਟੀ., ਆਟੋਮੋਬਾਈਲ, ਹੈਲਥ ਕੇਅਰ, ਬਿਊਟੀ

ਐਂਡ ਵੈਲਨੈਸ ਤੇ ਰਿਟੇਲ ਨੂੰ ਪੰਜਾਬੀ ਭਾਸ਼ਾ ਵਿੱਚ ਪੜ੍ਹਾਇਆ ਜਾਵੇਗਾ। ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲਾਂ ਹੀ 5 ਕੋਰਸਾਂ ਸਕਿਓਰਟੀ, ਆਈ.ਟੀ., ਆਟੋਮੋਬਾਈਲ, ਹੈਲਥ ਕੇਅਰ ਤੇ ਰਿਟੇਲ ਦੀਆਂ ਸਿਲੇਬਸ ਪੁਸਤਕਾਂ ਨੂੰ ਉੱਚ ਮਿਆਰਾਂ ਅਨੁਸਾਰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰ ਕੇ ਵੈਬਸਾਈਟ ਉਪਰ ਪਾ ਦਿੱਤਾ ਹੈ ਜਦੋਂ ਕਿ ਛੇਵੇਂ ਕੋਰਸ ਬਿਊਟੀ ਐਂਡ ਵੈਲਨੈਸ ਦੇ ਸਿਲੇਬਸ ਦੀ ਪੁਸਤਕ ਦਾ ਅਨੁਵਾਦ ਵੀ ਜਲਦ ਹੀ ਵੈਬਸਾਈਟ ਉਪਰ ਪਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਏਜੰਸੀ (ਐਨ.ਐਸ.ਡੀ.ਏ.) ਵੱਲੋਂ ਇਨ੍ਹਾਂ ਕੋਰਸਾਂ ਦੇ ਸਿਲੇਬਸ ਨੂੰ ਦੇਸ਼ ਦੇ ਸਮੂਹ ਰਾਜਾਂ ਦੇ ਸਕੂਲਾਂ ਲਈ ਤਿਆਰ ਕੀਤਾ ਗਿਆ ਸੀ ਜਿਸ ਦੀ ਭਾਸ਼ਾ ਅੰਗਰੇਜ਼ੀ ਸੀ। ਅੰਗਰੇਜ਼ੀ ਭਾਸ਼ਾ ਦੇ ਇਸ ਸਿਲੇਬਸ ਨੂੰ ਬੋਰਡ ਵੱਲੋਂ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰ ਕੇ ਵੈਬਸਾਈਟ ’ਤੇ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕਰਵਾ ਕੇ ਵਿਦਿਆਰਥੀਆਂ ਨੂੰ ਸੌਂਪੀਆਂ ਜਾਣਗੀਆਂ।
ਡਾ. ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭਾਸ਼ਾ ਕਾਨੂੰਨ ਬਣਾ ਕੇ ਪਹਿਲਾਂ ਹੀ ਪੰਜਾਬੀ ਨੂੰ ਸਰਕਾਰੀ ਕੰਮਕਾਜ ਦੀ ਭਾਸ਼ਾ ਬਣਾ ਦਿੱਤਾ ਹੈ ਅਤੇ ਹੁਣ ਇਸ ਨੂੰ ਰੋਜ਼ਗਾਰ ਦੀ ਭਾਸ਼ਾ ਬਣਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਇਨ੍ਹਾਂ ਉਪਰਾਲਿਆਂ ਤਹਿਤ ਹੀ ਸਿੱਖਿਆ ਵਿਭਾਗ ਵੱਲੋਂ ਇਸ ਸੈਸ਼ਨ ਤੋਂ 100 ਸਕੂਲਾਂ ਵਿੱਚ 9ਵੀਂ ਕਲਾਸ ਦੇ ਵਿਦਿਆਰਥੀਆਂ ਲਈ 6 ਵੋਕੇਸ਼ਨਲ ਕੋਰਸਾਂ ਦੀ ਸ਼ੁਰੂ ਕੀਤੀ ਚਾਰ ਸਾਲਾਂ ਪੜ੍ਹਾਈ ਨੂੰ ਪੇਂਡੂ ਵਿਦਿਆਰਥੀਆਂ ਦੀ ਪਹੁੰਚ ਦਾ ਬਣਾਉਣ ਲਈ ਸਿਲੇਬਸ ਪੁਸਤਕਾਂ ਨੂੰ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਪੈਰਾਂ ’ਤੇ ਖੜ੍ਹੇ ਕਰਨ ਲਈ ਇਸੇ ਸਾਲ 100 ਸਕੂਲਾਂ ਵਿੱਚ ਨੌਵੀਂ ਤੋਂ ਬਾਰ੍ਹਵੀਂ ਤੱਕ 6 ਵੋਕੇਸ਼ਨਲ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਪਹਿਲੇ ਸਾਲ ਨੌਵੀਂ ਜਮਾਤ ਵਿੱਚ 5000 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਵਿਦਿਆਰਥੀ ਨੂੰ ਵੋਕੇਸ਼ਨਲ ਕੋਰਸਾਂ ਵਿੱਚ ਅੰਗਰੇਜ਼ੀ ਭਾਸ਼ਾ ਪੜ੍ਹਨ ਵਿੱਚ ਆ ਰਹੀ ਦਿੱਕਤ ਨੂੰ ਦੂਰ ਕਰਨ ਲਈ ਕੋਰਸਾਂ ਦੀਆਂ ਪੁਸਤਕਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦ੍ਰਿੜ੍ਹ ਹੈ। ਸਰਕਾਰੀ ਨੌਕਰੀਆਂ ਲਈ ਵੀ ਦਸਵੀਂ ਤੱਕ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕਰਾਰ ਕੀਤੀ ਗਈ ਹੈ।

Send this to a friend