June 19, 2026 3:22 pm

ਪ੍ਰਧਾਨ ਮਤੰਰੀ ਵੱਲੋਂ ਜੰਮੂ-ਕਸ਼ਮੀਰ ’ਚ ਹੜ੍ਹ ਦਾ ਕਹਿਰ ਕੌਮੀ ਸੰਕਟ ਕਰਾਰ

ਕੇਂਦਰ ਵੱਲੋਂ 1000 ਕਰੋੜ ਰੁਪਏ ਦੀ ਮਦਦ, ਹੋਰਨਾਂ ਰਾਜਾਂ ਨੂੰ ਵੀ ਸਹਿਯੋਗ ਦੀ ਅਪੀਲ

ਪਾਕਿਸਤਾਨ ਨੂੰ ਵੀ ਕੀਤੀ ਮਦਦ ਦੀ ਪੇਸ਼ਕਸ਼
Page-1_06 ਜੰਮੂ/ਸ੍ਰੀਨਗਰ, 7 ਸਤੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਕੇ ਰਾਜ ਸਰਕਾਰ ਨੂੰ 1000 ਕਰੋੜ ਰੁਪਏ ਦੀ ਹੋਰ ਮਦਦ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਹੜ੍ਹ ਪੀੜ੍ਹਤਾਂ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਹੋਏ ਪਾਕਿਸਤਾਨ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਸ੍ਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਕਿਹਾ ਕਿ ਭਾਰਤ ਦੁੱਖ ਦੀ ਘੜੀ ਵਿੱਚ ਆਪਣੇ ਗੁਆਂਢੀ ਦੇਸ਼ ਦੇ ਨਾਲ ਹੈ। ਪਾਕਿਸਤਾਨ ਨੂੰ ਮਦਦ ਦੀ ਪੇਸ਼ਕਸ਼ ਕਰਕੇ ਭਾਰਤ ਨੇ ਇੱਕ ਵਾਰ ਫਿਰ ਦਰਿਆਦਿਲੀ ਦਿਖਾਈ ਹੈ। ਸ੍ਰੀ ਮੋਦੀ ਦੀ ਪੇਸ਼ਕਸ਼ ਉਤੇ ਹਾਲੇ ਤੱਕ ਪਾਕਿਸਤਾਨ ਵੱਲੋਂ ਕੋਈ ਪ੍ਰਤੀਕਿਰਿਆ ਪ੍ਰਗਟ ਨਹੀਂ ਕੀਤੀ ਗਈ ਹੈ। ਸ੍ਰੀ ਮੋਦੀ ਨੇ ਕਿਹਾ ਕਿ ਮੈਨੂੰ

ਅਜਿਹੀ ਜਾਣਕਾਰੀ ਮਿਲੀ ਹੈ ਕਿ ਮਕਬੂਜ਼ਾ ਕਸ਼ਮੀਰ ਵਿੱਚ ਵੀ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ, ਅਸੀਂ ਉਥੇ ਵੀ ਹਰ ਸੰਭਵ ਮਦਦ ਲਈ ਤਿਆਰ ਹਾਂ। ਉਨ੍ਹਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਨਾਲ ਗੱਲਬਾਤ ਕਰ ਰਹੇ ਹਾਂ, ਜੇਕਰ ਉਨ੍ਹਾਂ ਨੂੰ ਜ਼ਰੂਰਤ ਮਹਿਸੂਸ ਹੋਈ ਤਾਂ ਅਸੀਂ ਜ਼ਰੂਰ ਮਦਦ ਕਰਾਂਗੇ। ਪ੍ਰਧਾਨ ਮੰਤਰੀ ਨੇ ਹੋਰਨਾਂ ਰਾਜਾਂ ਨੂੰ ਵੀ ਜੰਮੂ-ਕਸ਼ਮੀਰ ਦੀ ਮਦਦ ਕਰਨ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰਾਜ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਇਥੇ ਚਲਾਏ ਜਾ ਰਹੇ ਰਾਹਤ ਕਾਰਜਾਂ ਦੇ ਲਈ ਇੱਕ ਸਮੀਖਿਆ ਬੈਠਕ ਵੀ ਕੀਤੀ। ਇਸ ਬੈਠਕ ਵਿੱਚ ਐੱਨ ਡੀ ਆਰ ਐੱਫ, ਫੌਜ ਅਤੇ ਹਵਾਈ ਫੌਜ ਦੇ ਅਧਿਾਕਰੀ ਸ਼ਾਮਲ ਸਨ। ਇਸ ਦੌਰਾਨ ਰਾਜ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਮੁੱਖ ਸਕੱਤਰ ਵੀ ਮੌਜੂਦ ਸਨ। ਬੈਠਕ ਦੇ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਕੌਮੀ ਸੰਕਟ ਹੈ ਅਤੇ ਕੇਂਦਰ ਇਸ ਦੇ ਲਈ ਰਾਜ ਨੂੰ ਹਰ ਸੰਭਵ ਮਦਦ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 50 ਸਾਲ ਵਿੱਚ ਅਜਿਹੀ ਮੁਸੀਬਤ ਇਥੇ ਨਹੀਂ ਦੇਖੀ ਗਈ। ਪ੍ਰਾਪਤ ਰਿਪੋਰਟਾਂ ਅਨੁਸਾਰ ਜੰਮੂ-ਕਸ਼ਮੀਰ ਵਿੱਚ ਹੜ੍ਹ ਕਾਰਨ ਕਈ ਇਲਾਕਿਆਂ ਵਿੱਚ ਭਾਰੀ ਤਬਾਹੀ ਹੋਈ ਹੈ ਤੇ ਸਥਿਤੀ ਹੋਰ ਗੰਭੀਰ ਹੋ ਗਈ ਹੈ। ਹੁਣ ਤੱਕ 220 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਹਜ਼ਾਰਾਂ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਕਈ ਪੁਲ ਪਾਣੀ ਵਿਚ ਵਹਿ ਗਏ ਹਨ ਤੇ ਆਵਾਜਾਈ ਠੱਪ ਹੋ ਕੇ ਰਹਿ ਗਈ ਹੈ। ਸ੍ਰੀਨਗਰ ਦੇ ਕਈ ਖੇਤਰਾਂ ਵਿਚ 3-3 ਫੁੱਟ ਤਕ ਪਾਣੀ ਭਰ ਗਿਆ ਹੈ। ਬਾਰਸ਼ ਕਾਰਨ ਵਧੇ ਪਾਣੀ ਦੇ ਸਿੱਟੇ ਵਜੋਂ ਜਿਹਲਮ ਦਰਿਆ ਕਈ ਥਾਵਾਂ ਤੋਂ ਟੁੱਟ ਗਿਆ ਹੈ ਜਿਸ ਕਾਰਨ ਪਾਣੀ ਬਦਾਮਬਾਗ, ਸੋਨਾਵਰ, ਰਾਜਬਾਗ, ਕੁਰਸੂ, ਨਤੀਪੁਰਾ ਤੇ ਪੁਰਾਣੇ ਬਰਜ਼ੂਲਾ ਆਦਿ ਖੇਤਰਾਂ ਵਿਚ ਦਾਖਲ ਹੋ ਗਿਆ ਹੈ। ਅਧਿਕਾਰੀਆਂ ਅਨੁਸਾਰ ਪਾਣੀ ਨੇ ਸ਼ਹਿਰ ਦੇ ਧੁਰ ਅੰਦਰ ਸਿਵਲ ਸਕੱਤਰੇਤ ਤੇ ਹਾਈਕੋਰਟ ਵਰਗੀਆਂ ਅਹਿਮ ਥਾਵਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਹਵਾਈ ਅੱਡੇ ਨੂੰ ਜਾਂਦੀ ਸੜਕ, ਹਰੀ ਸਿੰਘ ਹਾਈ ਸਟਰੀਟ, ਲਾਲ ਚੌਕ ਤੇ ਰੀਗਲ ਚੌਕ ਵਿਚ ਅਨੇਕਾਂ ਫੁੱਟ ਪਾਣੀ ਫਿਰ ਰਿਹਾ ਹੈ। ਹੜ੍ਹ ਨਾਲ ਪ੍ਰਭਾਵਿਤ ਖੇਤਰਾਂ ਵਿਚ ਬਿਜਲੀ ਤੇ ਪਾਣੀ ਦੀ ਸਪਲਾਈ ਪਿਛਲੇ 6 ਦਿਨਾਂ ਤੋਂ ਬੰਦ ਹੈ।ਪ੍ਰਧਾਨ ਮੰਤਰੀ ਅੱਜ ਸਵੇਰੇ ਜੰਮੂ ਪੁੱਜੇ ਸਨ। ਮੁੱਖ ਮੰਤਰੀ ਨੇ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਵਾਇਆ। ਪ੍ਰਧਾਨ ਮੰਤਰੀ ਨੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇ ਵੀ ਕੀਤਾ।

Send this to a friend