ਅਲਕਾਇਦਾ ਪਾਕਿਸਤਾਨ ’ਚ ਇੱਕ ਵਾਰ ਫਿਰ ਲੋਕਪ੍ਰਿਯ ਹੋਣਾ ਚਾਹੁੰਦੈ
ਵਾਸ਼ਿੰਗਟਨ, 6 ਸਤੰਬਰ (ਪੀ. ਟੀ. ਲਾਇਵ) – ਅੱਤਵਾਦੀ ਸੰਗਠਨ ਅਲਕਾਇਦਾ ਦੇ ਮੁਖੀ ਅਈਮਾਨ ਅਲ-ਜ਼ਵਾਹਰੀ ਦਾ ਭਾਰਤ ’ਚ ਜੇਹਾਦ ਸ਼ੁਰੂ ਕਰਨ ਲਈ ਆਪਣਾ ਗਰੁੱਪ ਕਾਇਮ ਕਰਨ ਦੇ ਐਲਾਨ ਵਾਲਾ ਵੀਡੀਓ ਜਾਰੀ ਹੋਣ ਤੋਂ ਦੋ ਦਿਨ ਪਿੱਛੋਂ ਅਮਰੀਕੀ ਖੁਫ਼ੀਆ ਏਜੰਸੀ ਸੀ. ਆਈ. ਏ. ਦੇ ਸਾਬਕਾ ਅਧਿਕਾਰੀ ਨੇ ਇਕ ਵੱਡਾ ਖੁਲਾਸਾ ਕਰਦੇ ਹੋਏ ਕਿਹਾ ਕਿ ਭਾਰਤ ‘ਚ ਅਲਕਾਇਦਾ ਦੇ ਪੈਰ ਪਸਾਰਨ ਦੇ ਯਤਨਾਂ ‘ਚ ਪਾਕਿਸਤਾਨੀ ਫ਼ੌਜ ਤੇ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਜ਼ਵਾਹਰੀ ਦੀ ਮਦਦ ਕਰ ਰਹੀਆਂ ਹਨ। ਅਧਿਕਾਰੀ ਮੁਤਾਬਕ ਜਵਾਹਰੀ ਨੇ ਹਾਲ ਹੀ ‘ਚ ਜੋ ਵੀਡੀਓ ਜਾਰੀ ਕੀਤਾ ਹੈ ਉਸ ਪਿੱਛੇ ਪਾਕਿਸਤਾਨੀ ਫ਼ੌਜ ਤੇ ਆਈ. ਐਸ. ਆਈ. ਦੇ ਭੈੜੇ ਮਨਸੂਬੇ ਹਨ। ਰਿਪੋਰਟ ਮੁਤਾਬਕ ਸੀ. ਆਈ. ਏ. ਦੇ ਸਾਬਕਾ ਅਧਿਕਾਰੀ ਤੇ
ਦੱਖਣੀ ਏਸ਼ੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਬਰੂਸ ਰੀਡਲ ਨੇ ਆਪਣੇ ਲੇਖ ’ਚ ਕਿਹਾ ਕਿ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਜਾਣੀ ਚਾਹੀਦੀ ਹੈ ਕਿ ਉਸ ਨੂੰ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਦੇਸ਼ਾਂ ਦੀ ਸੂਚੀ ’ਚ ਸ਼ਾਮਿਲ ਕੀਤਾ ਜਾ ਸਕਦਾ। ਭਾਰਤ ਖ਼ਿਲਾਫ਼ ਅਲਕਾਇਦਾ ਦੀ ਇਸ ਨਵੀਂ ਧਮਕੀ ਲਈ ਰੀਡਲ ਨੇ ਸਿੱਧੇ ਤੌਰ ‘ਤੇ ਪਾਕਿਸਤਾਨੀ ਫ਼ੌਜ ਤੇ ਆਈ. ਐਸ. ਆਈ. ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰੀਡਲ ਦਾ ਕਹਿਣਾ ਕਿ ਅਲਕਾਇਦਾ ਪਾਕਿਸਤਾਨ ‘ਚ ਇੱਕ ਵਾਰ ਫਿਰ ਲੋਕਪ੍ਰਿਯ ਹੋਣਾ ਚਾਹੁੰਦਾ ਹੈ ਤੇ ਇਸ ‘ਚ ਕੋਈ ਸ਼ੱਕ ਨਹੀਂ ਕਿ ਉਸ ਨੇ ਇਹ ਆਪਣਾ ਵੀਡੀਓ ਪਾਕਿਸਤਾਨ ਸਥਿਤ ਆਪਣੇ ਟਿਕਾਣੇ ‘ਚ ਰਿਕਾਰਡ ਕੀਤਾ ਹੈ। ਰੀਡਲ ਨੇ ਦਾਅਵਾ ਕੀਤਾ ਕਿ ਜ਼ਵਾਹਰੀ ਨੂੰ ਆਈ. ਐਸ. ਆਈ. ਦੀ ਪੂਰੀ ਸੁਰੱਖਿਆ ਮਿਲੀ ਹੋਈ ਹੈ। ਰੀਡਲ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਤੇ ਉਸ ਦੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. ਇਕ ਵਾਰ ਫਿਰ ਅੱਗ (ਭਾਰਤ) ਨਾਲ ਖੇਡ ਰਹੇ ਹਨ। ਰੀਡਲ ਨੇ ਵੀਡੀਓ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਪਾਕਿਸਤਾਨ ਨਾਲ ਇਸ ਦਾ ਆਧਾਰ ਜੁੜਿਆ ਹੋਣ ਤੇ ਲਸ਼ਕਰੇ ਤਾਇਬਾ ਨਾਲ ਨੇੜਲੇ ਸਬੰਧ ਹੋਣ ਕਾਰਨ ਅਲਕਾਇਦਾ ਭਾਰਤ ਲਈ ਵੱਡਾ ਖ਼ਤਰਾ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਅਮਰੀਕਾ ਤੇ ਅਫ਼ਗਾਨਿਸਤਾਨ ਨਾਲ ਮਿਲ ਕੇ ਅੱਤਵਾਦ ਵਿਰੋਧੀ ਸਹਿਯੋਗ ਵਧਾਉਣਾ ਚਾਹੀਦਾ ਹੈ।