- ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਵਾਲੇ ਸੰਗਰੂਰ ਵਿਖੇ ਰੋਜ਼ਾਨਾ ਪੰਜਾਬ ਟਾਇਮਜ਼ ਅਖ਼ਬਾਰ ਦੇ ਉੱਪ ਦਫ਼ਤਰ ਦਾ ਉਦਘਾਟਨ ਕਰਦੇ ਹੋਏ ਉਨ੍ਹਾਂ ਨਾਲ ਦਿਖਾਈ ਦੇ ਰਹੇ ਹਨ ਅਖ਼ਬਾਰ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ, ਜ਼ਿਲ੍ਹਾ ਇੰਚਾਰਜ ਹਰਿੰਦਰਪਾਲ ਸਿੰਘ ਖਾਲਸਾ ਅਤੇ ਹੋਰ।
ਸੰਗਰੂਰ, 23 ਜੁਲਾਈ (ਹਰਿੰਦਰ ਖਾਲਸਾ/ਰਾਜ ਵਰਮਾ/ਦੀਪਕ ਗਰੋਵਰ)-ਅੱਜ ਸੰਗਰੂਰ ਵਿਖੇ ਪੰਜਾਬ ਟਾਇਮਜ਼ ਅਖਬਾਰ ਦੇ ਉੱਪ ਦਫ਼ਤਰ ਦਾ ਉਦਘਾਟਨ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਵਾਲੇ ਜੋ ਇਸ ਅਖਬਾਰ ਦੇ ਸਰਪ੍ਰਸਤ ਹਨ, ਨੇ ਆਪਣੇ ਸ਼ੁੱਭ ਹੱਥਾਂ ਨਾਲ ਕੀਤਾ।

ਉਦਘਾਟਨ ਤੋਂ ਪਹਿਲਾਂ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸੁਰਜੀਤ ਸਿੰਘ ਕੁਲਾਰਾਂ ਅਤੇ ਉਨਾਂ ਦੇ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਗੁਰੂ ਦੇ ਲੜ ਲੱਗਣ ਦਾ ਉਪਦੇਸ਼ ਦਿੱਤਾ। ਇਸ ਸਮੇਂ ਸੰਤ ਦਾਦੂਵਾਲ ਜੀ ਨੇ ਦੱਸਿਆ ਕਿ ਇਹ ਅਖਬਾਰ ਕਿਸੇ ਵੀ ਪਾਰਟੀ, ਕਿਸੇ ਵੀ ਧਰਮ ਪੱਖੀ ਨਹੀਂ, ਇਹ ਸਾਰਿਆਂ ਦਾ ਸਾਂਝਾ ਅਖਬਾਰ ਹੈ। ਉਨਾਂ ਕਿਹਾ ਕਿ ਇਸ ਅਖਬਾਰ ਵਿਚ ਹਰ ਪਾਰਟੀ, ਹਰ ਧਰਮ ਦੀ ਗੱਲ ਕੀਤੀ ਜਾਂਦੀ ਹੈ, ਹਰ ਮਜ਼ਲੂਮ ਤੇ ਗਰੀਬ ਦੀ ਗੱਲ ਲੋਕਾਂ ਵਿੱਚ ਪੇਸ਼ ਕੀਤੀ ਜਾਂਦੀ ਹੈ। ਇਸ ਵਿੱਚ ਛਪਣ ਵਾਲੀ ਕੋਈ ਵੀ ਖਬਰ ਕਿਸੇ ਦੇ ਦਬਾਅ ਵਿੱਚ ਜਾਂ ਪੈਸੇ ਲੈ ਕੇ ਨਹੀਂ ਛਾਪੀ ਜਾਵੇਗੀ। ਹਰ ਖਬਰ ਨਿਡਰ ਹੋ ਕੇ ਛਾਪੀ ਜਾਵੇਗੀ। ਹਰ ਖਬਰ ਸੱਚੀ ਹੋਵੇਗੀ।
ਇਸ ਮੌਕੇ ਅਖਬਾਰ ਦੇ ਸੰਪਾਦਕ ਸ. ਬਲਜੀਤ ਸਿੰਘ ਬਰਾੜ ਨੇ ਪੰਜਾਬ ਟਾਇਮਜ਼ ਦੇ ਪੱਤਰਕਾਰਾਂ ਨੂੰ ਕਿਹਾ ਕਿ ਕਿਸੇ ਵੀ ਦਬਾਅ ਹੇਠ ਆ ਕੇ ਖਬਰ ਰੋਕਣ ਦੀ ਜ਼ਰੂਰਤ ਨਹੀਂ, ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਜਾਂ ਪ੍ਰਸ਼ਾਸਨਿਕ ਅਧਿਕਾਰੀ ਕਿਉਂ ਨਾ ਹੋਵੇ।
ਇਸ ਮੌਕੇ ਉਦਘਾਟਨ ਸਮੇਂ ਵੱਖ-ਵੱਖ ਪਾਰਟੀਆਂ ਦੇ ਸਿਆਸੀ ਆਗੂ, ਇਲਾਕੇ ਦੇ ਪੰਚ ਸਰਪੰਚ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਸਮੂਹ ਅਖਬਾਰਾਂ ਦੇ ਰਿਪੋਰਟਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਹਾਜ਼ਰੀ ਲਵਾਈ। ਇਸ ਉਪਰੰਤ ਜ਼ਿਲ੍ਹਾ ਦਫ਼ਤਰ ਸੰਗਰੂਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਖਾਲਸਾ ਨੇ ਪਹੁੰਚੇ ਆਗੂਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਜ਼ਿਲ੍ਹਾ ਇੰਚਾਰਜ ਹਰਿੰਦਰਪਾਲ ਸਿੰਘ ਖਾਲਸਾ ਅਤੇ ਜ਼ਿਲ੍ਹੇ ਦੇ ਸਮੂਹ ਪੱਤਰਕਾਰਾਂ ਨੇ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂਵਾਲ ਸਾਹਿਬ ਅਤੇ ਉਨ੍ਹਾਂ ਨਾਲ ਪਹੁੰਚੇ ਸੰਤ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ ਵਾਲਿਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।



