ਨਵੀਂ ਦਿੱਲੀ, 4 ਸਤੰਬਰ (ਪੀ. ਟੀ)- ਇੱਕ ਪਾਸੇ ਅਲਕਾਇਦਾ ਭਾਰਤ ‘ਚ ਆਪਣੇ ਪੈਰ ਪਸਾਰਨ ਦੀ ਫ਼ਿਰਾਕ ’ਚ ਹੈ ਤਾਂ ਦੂਜੇ ਪਾਸੇ ਅਮਰੀਕਾ ਤੇ ਬਰਤਾਨੀਆ ’ਚ ਵੀ 9 / 11 ਦੀ ਆਉਣ ਵਾਲੀ ਬਰਸੀ ਨੂੰ ਲੈ ਕੇ ਅਲਰਟ ਘੋਸ਼ਿਤ ਹੋ ਗਿਆ ਹੈ। ਕਾਰਨ ਹੈ ਕਿ ਲਿਬੀਆ ਤੋਂ ਗ਼ਾਇਬ ਹੋਏ 11 ਕਮਰਸ਼ੀਅਲ ਜਹਾਜ਼। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਜਹਾਜ਼ਾਂ ਨੂੰ ਲਿਬੀਆ ਦੇ ਇੱਕ ਅੱਤਵਾਦੀ ਸੰਗਠਨ ਨੇ ਚੋਰੀ ਕੀਤਾ ਹੈ। ਹੁਣ ਅਮਰੀਕਾ ਤੇ ਬ੍ਰਿਟੇਨ ਨੂੰ ਸੰਦੇਹ ਹੈ ਕਿ ਕਿਤੇ ਇਨ੍ਹਾਂ ਜਹਾਜ਼ਾਂ ਦਾ ਇਸਤੇਮਾਲ ਵੀ 2001 ‘ਚ ਹੋਏ ਹਮਲੇ ਦੀ ਤਰ੍ਹਾਂ ਨਾ ਕੀਤਾ ਜਾਵੇ। 9 ਸਤੰਬਰ 2001 ਦੀ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਦੋਂ ਅਲ ਕਾਇਦਾ ਦੇ ਅੱਤਵਾਦੀਆਂ ਨੇ ਵਰਲਡ ਟਰੇਡ ਟਾਵਰ ਨਾਲ ਜਹਾਜ਼ ਟਕਰਾ ਕੇ ਉਸਨੂੰ ਤਬਾਹ ਕਰ ਦਿੱਤਾ ਸੀ। ਇਸ ਹਮਲੇ ਨੂੰ 13 ਸਾਲ ਹੋ ਚੁੱਕੇ ਹਨ।