ਚੰਡੀਗੜ੍ਹ, 4 ਸਤੰਬਰ (ਨਾਗਪਾਲ)- ਭਾਰਤੀ ਸੈਨਾ ਖੇਤਰ ਦੇ ਨੌਜਵਾਨਾਂ ਨੂੰ ਸੈਨਾ ਵਿਚ ਭਰਤੀ ਕਰਨ ਦੇ ਲਈ ਝੱਜਰ ਵਿਚ ਭਰਤੀ ਰੈਲੀ ਦਾ ਆਯੋਜਨ ਕਰੇਗੀ। ਇਕ ਸਰਕਾਰੀ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੈਨਾ ਵੱਲੋਂ 24 ਅਕਤੂਬਰ ਤੋਂ 6 ਨਵੰਬਰ, 2014 ਤੱਕ ਪੁਲਿਸ ਲਾਈਨ ਝੱਜਰ ਵਿਚ ਭਰਤੀ ਰੈਲੀ ਆਯੋਜਿਤ ਕਰੇਗੀ। ਸੈਨਾ ਦੀ ਖੁੱਲ੍ਹੀ ਭਰਤੀ ਰੈਲੀ ਵਿਚ ਝੱਜਰ, ਰੋਹਤਕ, ਸੋਨੀਪਤ ਅਤੇ ਪਾਨੀਪਤ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਭਰਤੀ ਰੈਲੀ ਦਾ ਆਯੋਜਨ ਸੈਨਾ ਭਰਤੀ ਦਫ਼ਤਰ ਰੋਹਤਕ ਵੱਲੋਂ ਕੀਤਾ ਜਾਵੇਗਾ। ਭਰਤੀ ਵਿਚ ਮੁੱਖ ਤੌਰ ’ਤੇ ਸਿਪਾਹੀ ਜਨਰਲ ਡਿਊਟੀ, ਸਿਪਾਹੀ ਕਲਰਕ ਐਸਕੇਟੀ ਅਤੇ ਸਾਬਕਾ ਸੈਨਿਕਾਂ ਦੇ ਲਈ ਡੀਐਸਸੀ ਦੀ ਭਰਤੀ ਕੀਤੀ ਜਾਵੇਗੀ। ਡੀਐਸਸੀ ਵਿਚ ਭਰਤੀ ਦੇ ਲਈ ਹਰਿਆਣਾ ਦੇ ਗੁੜਗਾਉਂ, ਫਰੀਦਾਬਾਦ, ਮੇਵਾਤ ਅਤੇ ਪਲਵਲ ਜ਼ਿਲ੍ਹਿਆਂ ਨੂੰ ਛੱਡਕੇ ਬਾਕੀ ਸਾਰੇ ਜ਼ਿਲ੍ਹਿਆਂ ਦੇ ਸਾਬਕਾ ਸੈਨਿਕ ਹਿੱਸਾ ਲੈ ਸਕਦੇ ਹਨ।