ਅਧਿਆਪਕ ਸਾਰੀ ਉਮਰ ਰਿਟਾਇਰ ਨਹੀਂ ਹੁੰਦਾ
ਨਵੀਂ ਦਿੱਲੀ, 4 ਸਤੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਧਿਆਪਨ ਪੇਸ਼ਾ ਨਹੀਂ ਬਲਕਿ ‘ਜੀਵਨ ਧਰਮ’ ਹੈ ਅਤੇ ਆਸ ਪ੍ਰਗਟ ਕੀਤੀ ਕਿ ਅਧਿਆਪਕਾਂ ਦੇ ਯਤਨ ਭਾਰਤ ਦੇ ਭਵਿੱਖ ਦਾ ਨਿਰਮਾਣ ਕਰਨ ਨੂੰ ਉਤਸ਼ਾਹਿਤ ਕਰਨਗੇ। ਪ੍ਰਧਾਨ ਮੰਤਰੀ ਨੇ ‘ਅਧਿਆਪਕ ਦਿਵਸ’ ਦੇ ਮੌਕੇ ’ਤੇ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵੱਲੋਂ ਅਵਾਰਡਾਂ ਨਾਲ ਸਨਮਾਨਿਤ ਕੀਤੇ ਜਾਣ ਵਾਲੇ ਤਕਰੀਬਨ 350 ਅਧਿਆਪਕਾਂ ਨਾਲ ਆਪਣੇ ਨਿਵਾਸ ਵਿਖੇ ਗੈਰ-ਰਸਮੀ ਗੱਲਬਾਤ ਦੌਰਾਨ ਕਿਹਾ ਕਿ ਗੁਜਰਾਤ ਦਾ ਪਹਿਲੀ ਵਾਰ ਮੁੱਖ ਮੰਤਰੀ ਬਣਨ ’ਤੇ ਉਨ੍ਹਾਂ ਦੀਆਂ ਦੋ ਇੱਛਾਵਾਂ ਸਨ, ਬਚਪਨ ਦੇ ਦੋਸਤਾਂ ਅਤੇ ਉਨ੍ਹਾਂ ਸਾਰੇ ਅਧਿਆਪਕਾਂ ਨਾਲ ਮਿਲਣਾ ਜਿਨ੍ਹਾਂ ਨੇ ਮੈਨੂੰ ਪੜ੍ਹਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੇਰੀਆਂ ਇਹ ਦੋਵੇਂ ਇੱਛਾਵਾਂ
ਪੂਰੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਦੇ ਜੀਵਨ ਵਿੱਚ ਅਧਿਆਪਕ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਮਜ਼ਾਕੀਆ ਅੰਦਾਜ਼ ਵਿੱਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਸਨਮਾਨਿਤ ਕੀਤੇ ਗਏ ਅਧਿਆਪਕ ‘ਦਿੱਲੀ ਦੀ ਹਵਾ’ ਤੋਂ ਪ੍ਰਭਾਵਿਤ ਨਹੀਂ ਹੋਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਦਿੱਲੀ ਦਾ ‘ਬਾਹਰੀ’ ਵਿਅਕਤੀ ਦਸ ਚੁੱਕੇ ਹਨ। ਮੋਦੀ ਨੇ ਕਿਹਾ ਕਿ ਜੇਕਰ ਸਮਾਜ ਨੇ ਤਰੱਕੀ ਕਰਨ ਹੈ ਤਾਂ ਅਧਿਆਪਕਾਂ ਨੂੰ ਹਮੇਸ਼ਾ ਸਮੇਂ ਤੋਂ ਦੋ ਕਦਮ ਅੱਗੇ ਰਹਿਣਾ ਹੋਵੇਗਾ। ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਹੋ ਰਹੀ ਤਬਦੀਲੀ ਦੀ ਸਮਝ ਰੱਖਣੀ ਪਵੇਗੀ ਅਤੇ ਉਸੇ ਦੇ ਅਨੁਸਾਰ ਨਵੀਂ ਪੀੜ੍ਹੀ ਨੂੰ ਤਿਆਰ ਕਰਨਾ ਹੋਵੇਗਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਅਧਿਆਪਕ ਕਦੇ ਵੀ ਰਿਟਾਇਰ ਨਹੀਂ ਹੁੰਦਾ ਅਤੇ ਹਮੇਸ਼ਾ ਨਵੀਂ ਪੀੜ੍ਹੀ ਨੂੰ ਗਿਆਨ ਦੇਣ ਦਾ ਯਤਨ ਜਾਰੀ ਰੱਖਦਾ ਹੈ। ਪ੍ਰਧਾਨ ਮੰਤਰੀ ਦਫਤਰ ਦੀ ਇੱਕ ਸੂਚਨਾ ਦੇ ਅਨੁਸਾਰ ਇਸ ਗੈਰ-ਰਸਮੀ ਗੱਲਬਾਤ ਵਿੱਚ ਅਧਿਆਪਕਾਂ ਨੇ ਪੜ੍ਹਾਈ ਦੇ ਵੱਖ-ਵੱਖ ਪਹਿਲੂਆਂ ਉਪਰ ਆਪਣੇ ਵਿਚਾਰਾਂ ਨੂੰ ਖੁੱਲ੍ਹ ਕੇ ਰੱਖਿਆ।