ਮਾਮਲਾ ਟੀ ਸ਼ਰਟ ’ਤੇ ਛਪੀ ਭਿੰਡਰਾਂਵਾਲ਼ਿਆਂ ਦੀ ਤਸਵੀਰ ਦਾ
ਪੰਜਾਬ ਹਰਿਆਣਾ ਹਾਈਕੋਰਟ ਵਲੋਂ ਕੇਸ ਦਾਖਲ
ਅਗਲੀ ਸੁਣਵਾਈ ਜੱਜਾਂ ਦੇ ਬੈਂਚ ’ਤੇ ਅਧਾਰਤ ਹੋਵੇਗੀ
ਹੋਂਦ ਚਿੱਲੜ, 4 ਸਤੰਬਰ (ਪੀ. ਟੀ)- ਵਿੱਕੀ ਗਾਰਮੈਂਟ ਵਿਚੋਂ ਸੰਤਾਂ ਦੀ ਤਸਵੀਰ ਵਾਲ਼ੀਆਂ ਟੀ ਸ਼ਰਟਾਂ ਸੰਨ 2011 ਵਿੱਚ ਸਲੇਮ ਟਾਬਰੀ ਪੁਲਿਸ ਵਲੋਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਕੁੱਝ ਕੱਟੜਪੰਥੀ ਸੰਗਠਨ ਦੀ ਗਵਾਹੀ ਦੇ ਅਧਾਰ ’ਤੇ ਪੁਲਿਸ ਨੇ ਇਹ ਕੇਸ 153 ਏ ਲਗਾ ਕੇ ਹੋਂਦ ਚਿੱਲੜ ਕਤਲੇਆਮ ਨੂੰ ਉਜਾਗਰ ਕਰਨ ਵਾਲ਼ੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ’ਤੇ ਪਾਇਆ ਗਿਆ ਸੀ । ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਇੰਜੀ. ਗਿਆਸਪੁਰਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਨ੍ਹਾਂ ਟੀ ਸ਼ਰਟਾਂ ਨਾਲ਼ ਕੋਈ ਲੈਣਾ ਦੇਣਾ ਨਹੀਂ ਹੈ ਤੇ ਨਾਂ ਹੀ ਉਸ ਦੀ ਵਿੱਕੀ ਗਾਰਮੈਂਟ ਨਾਮ ਦੀ ਕੋਈ ਫੈਕਟਰੀ ਹੈ। ਇਹ ਪੁਲਿਸ ਵੱਲੋਂ ਕੱਟੜਪੰਥੀ ਸੰਗਠਨਾਂ ਦੀ ਸ਼ਹਿ ’ਤੇ ਝੂਠਾ ਕੇਸ ਦਰਜ ਕੀਤਾ ਗਿਆ ਹੈ, ਪਰ ਕਿਉਂਕਿ ਮਾਮਲਾ ਸੰਤ ਜਰਨੈਲ ਸਿੰਘ
ਭਿੰਡਰਾਂਵਾਲ਼ਿਆਂ ਨਾਲ਼ ਜੁੜਿਆਂ ਹੋਇਆ ਹੈ ਇਸ ਲਈ ਉਹ ਇਸ ਕੇਸ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਵੱਲੋਂ ਆਪਣੇ ਵਕੀਲ ਐਡਵੋਕੇਟ ਬਰਜਿੰਦਰ ਸਿੰਘ ਲੂੰਬਾ ਰਾਹੀਂ ਸੰਨ 2011 ਨੂੰ ਹਾਈ ਕੋਰਟ ਵਿੱਚ ਇੱਕ ਰਿੱਟ ਦਾਇਰ ਕੀਤੀ ਸੀ ਕਿ ਸੰਤਾਂ ਦੀਆਂ ਫੋਟੋਆਂ ਜਾਂ ਖਾਲਿਸਤਾਨ ਕਹਿਣਾ ਕੋਈ ਗੁਨਾਹ ਨਹੀਂ ਹੈ। ਪੁਲਿਸ ਜਾਣ ਬੁੱਝ ਕੇ ਮਾਹੌਲ ਨੂੰ ਖਰਾਬ ਕਰਨ ਦੇ ਮਕਸਦ ਨਾਲ਼ ਨੌਜੁਆਨਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ । ਉਨ੍ਹਾਂ ਆਪਣੀ ਪਟੀਸ਼ਨ ਵਿੱਚ ਇਸ ਗੱਲ ਦਾ ਵੀ ਹਵਾਲਾ ਦਿੱਤਾ ਕਿ ਸਿੱਖਾਂ ਦੀ ਸਰਵ ਉ¤ਚ ਸੰਸਥਾ ਸ਼੍ਰੋਮਣੀ ਕਮੇਟੀ ਨੇ ਸੰਤ ਜੀ ਨੂੰ ਸ਼ਹੀਦ ਮੰਨ ਕੇ ਉਨ੍ਹਾਂ ਦੀ ਫੋਟੋ ਨੂੰ ਅਜਾਇਬ ਘਰ ਵਿੱਚ ਲਗਾਇਆ ਹੈ, ਦੂਜੇ ਪਾਸੇ ਉਨ੍ਹਾਂ ਨੂੰ ਆਪਣਾ ਰੋਲ ਮਾਡਲ ਮੰਨਣ ਵਾਲ਼ਿਆਂ ’ਤੇ ਪੁਲਿਸ ਪਰਚੇ ਦਰਜ ਕਰ ਰਹੀ ਹੈ। ਉਨ੍ਹਾਂ ਅੱਗੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਸੰਵਿਧਾਨ ਅਨੁਸਾਰ ਭਾਰਤ ਦੇ ਹਰ ਨਾਗਰਿਕ ਨੂੰ ਆਪਣੀ ਗੱਲ ਕਹਿਣ ਦੀ ਅਜ਼ਾਦੀ ਹੈ ਪਰ ਪ੍ਰਸ਼ਾਸਨ ਸੰਵਿਧਾਨ ਦੇ ਉਲਟ ਜਾ ਕੇ ਮਨੁੱਖਤਾਪ੍ਰਸਤੀ ਦੀ ਗੱਲ ਕਰਨ ਵਾਲ਼ਿਆਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕਰ ਰਿਹਾ ਹੈ । ਉਨ੍ਹਾਂ ਪੱਤਰਕਾਰਾਂ ਨੁੰ ਦੱਸਿਆ ਕਿ ਕੋਰਟ ਵੱਲੋਂ ਕੇਸ ਨੂੰ ਦਾਖਲ ਕਰ ਲੈਣਾ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਦੀ ਬਹੁੱਤ ਵੱਡੀ ਜਿੱਤ ਹੈ ਕਿਉਂਕਿ ਸਾਡੇ ਦੁਆਰਾ ਲੜੇ ਜਾ ਰਹੇ ਕੇਸ ਤੋਂ ਬਾਅਦ ਪੁਲਿਸ ਲਈ ਕਿਸੇ ਨੌਜੁਆਨ ਨੂੰ ਸੰਤਾਂ ਬਾਬਤ ਜਾਂ ਖਾਲਿਸਤਾਨ ਬਾਬਤ ਪ੍ਰੇਸ਼ਾਨ ਕਰਨਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਉਨ੍ਹਾਂ ਵੱਲੋਂ ਦਾਖਲ ਕੇਸ ਦਾ ਹਵਾਲਾ ਦੇ ਕੇ ਹਰ ਕੋਈ ਇਸ ਦਾ ਲਾਭ ਲੈ ਸਕੇਗਾ। ਉਨ੍ਹਾਂ ਅੱਗੇ ਕਿਹਾ ਕਿ ਸ਼ਾਇਦ ਪੰਜਾਬ ਪੁਲਸ ਕਾਹਲੀ ਵਿੱਚ ਉਨ੍ਹਾਂ ਵਿਰੁੱਧ ਚਲਾਣ ਵੀ ਪੇਸ਼ ਕਰ ਦੇਵੇ ਪਰ ਉਹ ਝੁਕਣਗੇ ਨਹੀਂ ਅਤੇ ਹੱਕ ਸੱਚ ਲਈ ਉਨ੍ਹਾਂ ਦਾ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਨਾਲ ਜੰਗੀਰ ਸਿੰਘ ਖਾਲਸਾ ਅਤੇ ਲਖਵੀਰ ਸਿੰਘ ਰੰਡਿਆਲਾ ਆਦਿ ਹਾਜ਼ਰ ਸਨ।