ਇਸਲਾਮਾਬਾਦ 3 ਸਤੰਬਰ (ਪੀ. ਟੀ)- ਦੇਸ਼ ਵਿਚ ਰਾਜਸੀ ਟਕਰਾਅ ਖਤਮ ਕਰਨ ਲਈ ਵਿਰੋਧੀ ਪਾਰਟੀਆਂ ਦਾ ਇਕ ਵਫ਼ਦ ਲੰਘੀ ਰਾਤ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖ਼ਾਨ ਤੇ ਅਵਾਮੀ ਤਹਿਰੀਕ ਦੇ ਮੁਖੀ ਤਾਹਿਰ-ਉਲ-ਕਾਦਰੀ ਨੂੰ ਮਿਲਿਆ। ਮੀਡੀਆ ਰਿਪੋਰਟਾਂ ਅਨੁਸਾਰ ਸੱਜੇ ਪੱਖੀ ਜਮਾਤ-ਏ-ਇਸਲਾਮੀ ਦੇ ਮੁਖੀ ਸਿਰਾਜੁਲ ਹੱਕ ਦੀ ਅਗਵਾਈ ਵਿਚ ਸੰਸਦ ਮੈਂਬਰ ਪਹਿਲਾਂ ਖ਼ਾਨ ਤੇ ਬਾਅਦ ਵਿਚ ਕਾਦਰੀ ਨੂੰ ਮਿਲੇ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਸੰਕਟ ਖਤਮ ਕਰਨ ਲਈ ਜੋ ਵੀ ਕੋਈ ਸਮਝੌਤਾ ਹੋਇਆ ਉਸ ਨੂੰ ਲਾਗੂ ਕੀਤਾ ਜਾਵੇਗਾ। ਡਾਨ ਨੇ ਹੱਕ ਦੇ ਹਵਾਲੇ ਨਾਲ ਕਿਹਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਸਾਡੀ ਗੱਲਬਾਤ ਦੀ ਪੇਸ਼ਕਸ਼ ਪ੍ਰਵਾਨ ਕਰ ਲਈ ਹੈ ਜਿਸ ਵਾਸਤੇ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ। ਉਨ੍ਹਾਂ ਕਿਹਾ ਕਿ ਤਰਕਸੰਗਤ ਸਿੱਟੇ ‘ਤੇ ਪੁੱਜਣ ਤੱਕ ਗੱਲਬਾਤ ਪ੍ਰਕ੍ਰਿਆ ਜਾਰੀ ਰਹੇਗੀ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਸੀਨੀਅਰ
ਆਗੂ ਰਹਿਮਾਨ ਮਲਿਕ ਜੋ ਇਸ ਵਫ਼ਦ ਦਾ ਹਿੱਸਾ ਸਨ, ਨੇ ਕਿਹਾ ਕਿ ਉਹ ਇਮਰਾਨ ਖ਼ਾਨ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਜੋ ਸਾਨੂੰ ਭੀੜ ਦੇ ਵਿਚਕਾਰ ਆ ਕੇ ਮਿਲੇ। ਮਲਿਕ ਨੇ ਪ੍ਰਦਰਸ਼ਨਕਾਰੀਆਂ ਵਿਰੁੱਧ ਸਖ਼ਤੀ ਵਰਤਣ ਲਈ ਸਰਕਾਰ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅੰਦੋਲਨ ਕਰ ਰਹੀਆਂ ਪਾਰਟੀਆਂ ਦੇ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨਾ ਬੰਦ ਕਰੇ। ਲੰਘੀ ਰਾਤ ਖ਼ਾਨ ਤੇ ਕਾਦਰੀ ਨੇ ਪਹਿਲੀ ਵਾਰ ਪ੍ਰਦਰਸ਼ਨਕਾਰੀਆਂ ਨੂੰ ਸਾਂਝੇ ਤੌਰ ‘ਤੇ ਸੰਬੋਧਨ ਕੀਤਾ ਸੀ। ਦੋਨਾਂ ਨੇ ਹੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਅਸਤੀਫ਼ੇ ਤੱਕ ਅੰਦੋਲਨ ਜਾਰੀ ਰੱਖਣ ਦਾ ਐਲਾਨ ਕੀਤਾ ਸੀ।