ਟੋਕੀਓ, 2 ਸਤੰਬਰ (ਪੀ. ਟੀ)- ਜਪਾਨ ਤੋਂ ਨਿਵੇਸ਼ ਨੂੰ ਭਾਰਤ ਲਿਆਉਣ ਲਈ ਜ਼ੋਰਦਾਰ ਯਤਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਨਿਵੇਸ਼ਕਾਂ ਲਈ ਕੋਈ ਲਾਲ ਫੀਤਾਸ਼ਾਹੀ ਨਹੀਂ ਸਿਰਫ਼ ਰੈੱਡ ਕਾਰਪਿਟ ਵਿਛੇਗਾ ਕਿਉਂਕਿ ਸਰਕਾਰ ਨੇ ਬਹੁਤ ਸਾਰੇ ਨਿਯਮਾਂ ਨੂੰ ਸਰਲ ਬਣਾ ਦਿੱਤਾ ਹੈ। ਇਸ ਗੱਲ ‘ਤੇ ਜ਼ੋਰ ਦਿੰਦਿਆਂ ਕਿ ਉਨ੍ਹਾਂ ਦੀ ਸਰਕਾਰ ਵਿਕਾਸ ਤੇ ਨਿਰਮਾਣ ਕਾਰਵਾਈਆਂ ਵਧਾਉਣ ’ਤੇ ਕੰਮ ਕਰ ਰਹੀ ਹੈ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਨਾਲੋਂ ਨਿਵੇਸ਼ ਕਰਨ ਲਈ ਹੋਰ ਬਿਹਤਰ ਜਗ੍ਹਾ ਕੋਈ ਨਹੀਂ ਹੋ ਸਕਦੀ। ਸ੍ਰੀ ਮੋਦੀ ਨੇ ਕਿਹਾ ਕਿ ਉਹ ਤੁਹਾਨੂੰ ਯਕੀਨ ਦਿਵਾਉਣ ਆਏ ਹਨ ਕਿ ਕੋਈ ਲਾਲ ਫੀਤਾਸ਼ਾਹੀ( ਨੌਕਰਸ਼ਾਹੀ) ਨਹੀਂ ਹੋਵੇਗੀ ਸਗੋਂ ਭਾਰਤ ‘ਚ ਨਿਵੇਸ਼ਕਾਂ ਲਈ ਰੈੱਡ ਕਾਰਪਿਟ ਵਿਛੇਗਾ। ਅਸੀਂ ਆਪਣੇ ਬਹੁਤ ਸਾਰੇ
ਨਿਯਮਾਂ ਨੂੰ ਨਰਮ ਕਰ ਦਿੱਤਾ ਹੈ। ਆਰਥਿਕ ਮੋਰਚੇ ‘ਤੇ ਦੋਵਾਂ ਦੇਸ਼ਾਂ ਵਿਚਕਾਰ ਨਵਾਂ ਇਤਿਹਾਸ ਬਣਾਉਣ ਦਾ ਸੱਦਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇੱਕੋ ਇੱਕ ਥਾਂ ਹੈ ਜਿੱਥੇ ਕੋਈ ਵੀ ਲੋਕਤੰਤਰ, ਜਨ-ਸੰਖਿਅਕੀ ਤੇ ਮੰਗ ਨੂੰ ਦੇਖ ਸਕਦਾ ਹੈ। ਸ੍ਰੀ ਮੋਦੀ ਜਿਹੜੇ ਜਪਾਨ ਵਿਦੇਸ਼ੀ ਵਪਾਰ ਸੰਗਠਨ(ਜੇਟਰੋ) ਅਤੇ ਨਿਕੇਈ ਵੱਲੋਂ ਕਰਵਾਏ ਸੈਮੀਨਾਰ ਵਿਚ ਜਪਾਨੀ ਨਿਵੇਸ਼ਕਾਂ ਨੂੰ ਸੰਬੋਧਨ ਕਰ ਰਹੇ ਸਨ ਨੇ ਇਹ ਵੀ ਕਿਹਾ ਕਿ ਭਾਰਤ ਲੋਕਤੰਤਰ, ਸੁਰੱਖਿਆ ਅਤੇ ਨਿਆਂ ਦੀ ਗਰੰਟੀ ਦਿੰਦਾ ਹੈ। ਉਨ੍ਹਾਂ ਜਪਾਨੀ ਨਿਵੇਸ਼ਕਾਂ ਨੂੰ ਦੱਸਿਆ ਕਿ ਵਿਸ਼ਵ ਬਾਜ਼ਾਰਾਂ ਵਿਚ ਪਹੁੰਚਣ ਲਈ ਭਾਰਤ ਕੁਦਰਤੀ ਵੱਲੋਂ ਬਖ਼ਸ਼ਿਆ ਸਥਾਨ ਹੈ। ਆਪਣੀ ਸਰਕਾਰ ਦੇ 100 ਦਿਨ ਸੱਤਾ ਵਿਚ ਹੋਣ ਦਾ ਜ਼ਿਕਰ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਸ ਨੇ ਉਹ ਕੁੱਝ ਪ੍ਰਾਪਤ ਕਰ ਲਿਆ ਹੈ ਜੋ ਪਿਛਲੇ 2 ਤੋਂ ਢਾਈ ਸਾਲਾਂ ਵਿਚ ਹਾਸਿਲ ਨਹੀਂ ਕੀਤਾ ਜਾ ਸਕਿਆ। ਅਪ੍ਰੈਲ-ਜੂਨ ਤਿਮਾਹੀ ਵਿਚ ਦੇਸ਼ ਦਾ ਕੁਲ ਰਾਸ਼ਟਰੀ ਉਤਪਾਦਨ 5.7 ਫ਼ੀਸਦੀ ਤਕ ਵਧਿਆ ਹੈ ਜੋ ਪਿਛਲੇ ਦੋ ਸਾਲ ਵਿਚ ਸਭ ਤੋਂ ਵੱਧ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਉਸ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜਪਾਨ ਤੋਂ ਬਿਨਾਂ ਭਾਰਤ ਅਧੂਰਾ ਹੈ ਤੇ ਭਾਰਤ ਤੋਂ ਬਿਨਾਂ ਜਪਾਨ ਅਧੂਰਾ ਹੈ। ਉਨ੍ਹਾਂ ਅਨੁਸਾਰ ਜਪਾਨ ਦੀ ਹਾਰਡਵੇਅਰ ਮੁਹਾਰਤ ਤੇ ਭਾਰਤ ਦੀ ਸਾਫ਼ਟਵੇਅਰ ਮੁਹਾਰਤ ਨੂੰ ਮਿਲਾ ਕੇ ਚਮਤਕਾਰ ਪੈਦਾ ਕੀਤਾ ਜਾ ਸਕਦਾ ਹੈ।